ਮੁੰਬਈ, 16 ਅਪ੍ਰੈਲ 2024 – ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਦੋ ਮੁਲਜ਼ਮ ਮੁੰਬਈ ਕ੍ਰਾਈਮ ਬ੍ਰਾਂਚ ਨੇ ਫੜੇ ਲਏ ਹਨ। ਸੋਮਵਾਰ ਦੇਰ ਰਾਤ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਵਾਂ ਦੋਸ਼ੀਆਂ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ।
14 ਅਪ੍ਰੈਲ ਨੂੰ ਸਵੇਰੇ 5 ਵਜੇ ਬਾਂਦਰਾ ‘ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਗੋਲੀਬਾਰੀ ਕੀਤੀ ਗਈ ਸੀ। ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ‘ਚ ਹੀ ਮੌਜੂਦ ਸਨ। ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ। ਖਾਨ ਨੂੰ ਲਾਰੈਂਸ-ਗੋਲਡੀ ਬਰਾੜ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਮੁੰਬਈ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਜਿਸ ਬੰਦੂਕ ਨਾਲ ਗੋਲੀਬਾਰੀ ਕੀਤੀ ਗਈ, ਉਹ 7.6 ਬੋਰ ਦੀ ਬੰਦੂਕ ਸੀ। ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਜ਼ਿੰਦਾ ਗੋਲੀ ਮਿਲੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਬਾਈਕ ਵੀ ਜ਼ਬਤ ਕਰ ਲਈ ਹੈ।
ਲਾਰੈਂਸ ਗਰੁੱਪ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗਰੁੱਪ ਮੈਂਬਰ ਅਨਮੋਲ ਨੇ ਇਕ ਪੋਸਟ ਸਾਂਝਾ ਕੀਤਾ। ਜਿਸ ‘ਚ ਲਿਖਿਆ ਹੈ ਕਿ ਸਲਮਾਨ ‘ਤੇ ਭਵਿੱਖ ‘ਚ ਵੀ ਹਮਲਾ ਹੋ ਸਕਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਗਈ।
ਮਾਰਚ 2023 ਵਿੱਚ, ਲਾਰੈਂਸ ਤੋਂ ਧਮਕੀ ਮਿਲਣ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਸਨੂੰ ਮਹਾਰਾਸ਼ਟਰ ਸਰਕਾਰ ਤੋਂ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ।
NIA ਨੇ ਕਿਹਾ ਸੀ ਕਿ ਖਾਨ ਉਨ੍ਹਾਂ 10 ਲੋਕਾਂ ਦੀ ਸੂਚੀ ‘ਚ ਸਿਖਰ ‘ਤੇ ਸੀ, ਜਿਨ੍ਹਾਂ ਨੂੰ ਜੇਲ੍ਹ ‘ਚ ਬੰਦ ਗੈਂਗਸਟਰ ਲਾਰੇਂਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। 1998 ਵਿੱਚ ਵਾਪਰੀ ਕਾਲੇ ਹਿਰਨ ਦੇ ਸ਼ਿਕਾਰ ਦੀ ਘਟਨਾ ਨੂੰ ਲੈ ਕੇ ਬਿਸ਼ਨੋਈ ਭਾਈਚਾਰਾ ਨਾਰਾਜ਼ ਹੈ, ਜਿਸ ਦਾ ਹਵਾਲਾ ਦਿੰਦੇ ਹੋਏ ਲਾਰੈਂਸ ਨੇ ਇੱਕ ਟੀਵੀ ਇੰਟਰਵਿਊ ਵਿੱਚ ਸਲਮਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।