ਗੁਰਦਾਸਪੁਰ, 16 ਅਪ੍ਰੈਲ 2024 – ਬੀਜੇਪੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ‘ਚ ਚੋਣ ਲੜਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ 1997 ‘ਚ ਇੱਥੇ ਹੋਣ ਲੜੀ ਸੀ। ਜਦੋਂ ਬੀਜੇਪੀ ਅਤੇ ਅਕਲੀ ਦਲ ਭਾਈਵਾਲ ਸਨ ਤਾਂ ਇਸ ਸੀਟ ‘ਤੇ ਹਮੇਸ਼ਾਂ ਬੀਜੇਪੀ ਉਮੀਦਵਾਰ ਹੀ ਖੜ੍ਹਾ ਹੁੰਦਾ ਸੀ ਅਤੇ ਅਕਾਲੀ ਦਲ ਉਸ ਨੂੰ ਸੁਪੋਰਟ ਕਰਦਾ ਸੀ। ਪਰ ਕਿਸਾਨ ਅੰਦੋਲਨ ਤੋਂ ਬਾਅਦ ਗਠਜੋੜ ਟੁੱਟਣ ਤੋਂ ਬਾਅਦ ਹੁਣ ਹਾਲਾਤ ਵੱਖਰੇ ਨੇ ਅਤੇ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਜੇ ਆਪਾਂ ਗੱਲ ਕਰੀਏ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਤਾਂ ਇਸ ਹਲਕੇ ‘ਚ ਹਿੰਦੂ ਵੋਟਰਾਂ ਦੀ ਬਹੁ-ਗਿਣਤੀ ਹੈ ਅਤੇ ਹਿੰਦੂ ਵੋਟਰਾਂ ਦੀ ਬਹੁ-ਗਿਣਤੀ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਇੱਥੇ ਆਪਣੇ ਸਾਬਕਾ ਕੈਬਨਿਟ ਮੰਤਰੀ ਅਤੇ ਸਿੱਖ ਚਿਹਰੇ ਡਾਕਟਰ ਦਲਜੀਤ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦੱਸ ਦਈਏ ਕਿ ਡਾ.ਚੀਮਾ ਦਾ ਇਹ ਗ੍ਰਹਿ ਹਲਕਾ ਹੈ ਅਤੇ ਉਨ੍ਹਾਂ ਨੂੰ ਸਥਾਨਕ ਆਗੂ ਹੋਣ ਦਾ ਫਾਇਦਾ ਮਿਲ ਸਕਦਾ ਹੈ, ਪਰ ਉਨ੍ਹਾਂ ਨੂੰ ਇੱਥੇ ਜਿੱਤ ਦਰਜ ਕਰਨ ‘ਚ ਕਾਫੀ ਮਿਹਨਤ ਕਰਨੀ ਪਵੇਗੀ। ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਤੇ ਚੰਗੀ ਛਵੀ ਵਾਲੇ ਡਾ.ਦਲਜੀਤ ਚੀਮਾ ਗੁਰਦਾਸਪੁਰ ਅਧੀਨ ਪੈਂਦੇ ਸ਼੍ਰੀ ਹਰਗੋਬਿੰਦਪੁਰਾ ਨਾਲ ਸਬੰਧਤ ਹਨ।
ਪਰ ਦੂਜੀ ਸਭ ਤੋਂ ਵੱਡੀ ਮੁਸ਼ਕਿਲ ਉਨ੍ਹਾਂ ਸਾਹਮਣੇ ਇਹ ਹੈ ਕਿ ਉਹ ਆਪਣੇ ਲੋਕਲ ਹਲਕੇ ‘ਚ ਪਹਿਲੀ ਵਾਰ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਲੋਕਲ ਲੀਡਰਾਂ ਦੇ ਨਾਲ ਤਾਲਮੇਲ ਬਿਠਾਉਣਾ ਪਵੇਗਾ। ਕਾਹਲੋਂ ਪਰਿਵਾਰ ਦੇ ਪੁੱਤ ਮਾਝਾ ਯੂਥ ਵਿੰਗ ਦੇ ਮੁਖੀ ਰਵੀ ਕਰਨ ਕਾਹਲੋਂ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਨਾਂ ਅਕਾਲੀ ਦਲ ਦੀ ਟਿਕਟ ਵਾਲੀ ਲਿਸਟ ‘ਚ ਸਨ। ਇਸ ਦੇ ਬਾਵਜੂਦ ਚੀਮਾ ‘ਤੇ ਸੱਟਾ ਖੇਡਿਆ ਗਿਆ ਹੈ। ਭਾਵੇਂ ਦਲਜੀਤ ਸਿੰਘ ਚੀਮਾ ‘ਤੇ ਲੋਕਲ ਟੈਗ ਲਗਾ ਕੇ ਮੈਦਾਨ ‘ਚ ਉਤਾਰਿਆ ਗਿਆ ਹੈ ਪਰ ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਵੰਡੀਆਂ ਜਾਣਗੀਆਂ। ਜਿਸ ਨਾਲ ਡਾ: ਦਲਜੀਤ ਚੀਮਾ ਲਈ ਜਿੱਤ ਦਾ ਟੀਚਾ ਮੁਸ਼ਕਿਲ ਹੋ ਸਕਦਾ ਹੈ।

ਉਨ੍ਹਾਂ ਅੱਗੇ ਇੱਕ ਇਹ ਵੀ ਮੁਸ਼ਕਿਲ ਹੈ ਕਿ ਡਾਕਟਰ ਚੀਮਾ ਭਾਵੇਂ ਗੁਰਦਾਸਪੁਰ ਤੋਂ ਹੋਣ ਪਰ ਉਨ੍ਹਾਂ ਦਾ ਸਿਆਸੀ ਸਫ਼ਰ ਰੋਪੜ (ਰੂਪਨਗਰ) ਤੋਂ ਰਿਹਾ ਹੈ। ਉਹ 2012 ਤੋਂ 2017 ਤੱਕ ਰੋਪੜ ਤੋਂ ਵਿਧਾਇਕ ਰਹੇ ਅਤੇ ਮੰਤਰੀ ਵੀ ਚੁਣੇ ਗਏ। ਅਜਿਹੇ ‘ਚ ਉਨ੍ਹਾਂ ਕੋਲ ਆਪਣੀ ਟੀਮ ਤਿਆਰ ਕਰਨ ਲਈ ਸਿਰਫ ਸਥਾਨਕ ਨੇਤਾਵਾਂ ਦਾ ਹੀ ਸਹਾਰਾ ਹੈ। ਜੇ ਕਾਹਲੋਂ ਜਾਂ ਲਖਬੀਰ ਸਿੰਘ ਲੋਧੀਨੰਗਲ ਬਾਗੀ ਹੋ ਜਾਂਦੇ ਹਨ ਜਾਂ ਸਮਰਥਨ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਡਾਕਟਰ ਚੀਮਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨ੍ਹਾਂ ਦੋਵਾਂ ਨਾਵਾਂ ਨੂੰ ਮਨਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੂੰ ਵੀ ਨਾਲ ਲੈਣਾ ਪਵੇਗਾ।
