ਨਵੀਂ ਦਿੱਲੀ, 27 ਦਸੰਬਰ 2020 – ਕਿਸਾਨ ਅੰਦੋਲਨ ਵਿੱਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਵੱਲੋਂ ਅੱਜ ਟੀਕਰੀ ਬਾਰਡਰ ’ਤੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅਮਰਜੀਤ ਸਿੰਘ ਰਾਏ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਸਬ ਡਿਵੀਜ਼ਨ ਜਲਾਲਾਬਾਦ ਦੇ ਵਸਨੀਕ ਐਡਵੋਕੇਟ ਅਮਰਜੀਤ ਸਿੰਘ ਰਾਏ ਆਪਣੇ ਸਾਥੀ ਵਕੀਲਾਂ ਦੇ ਨਾਲ ਕਿਸਾਨ ਮੋਰਚੇ ਦੀ ਹਮਾਇਤ ਉਪਰ ਦਿੱਲੀ ਪਹੁੰਚੇ ਸਨ। ਉਨ੍ਹਾਂ ਦੇ ਬਾਕੀ ਸਾਥੀ ਤਾਂ ਕੁਝ ਦਿਨ ਠਹਿਰਨ ਬਾਅਦ ਵਾਪਸ ਪਰਤ ਆਏ ਪਰ ਉਨ੍ਹਾਂ ਦਾ ਵਾਪਸ ਆਉਣ ਨੂੰ ਮਨ ਨਹੀਂ ਮੰਨਿਆ। ਅੱਜ ਸਵੇਰੇ ਵਾਪਰੇ ਭਾਣੇ ਅਨੁਸਾਰ ਟਿਕਰੀ ਬਾਰਡਰ ਉੱਪਰ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।
ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ ’ਚ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ। ਉਹ ਕਰੀਬ ਹਫਤੇ ਤੋਂ ਦਿੱਲੀ ਦੇ ਟੀਕਰੀ ਬਾਰਡਰ ‘ਤੇ ਕਿਸਾਨਾਂ ਦੇ ਮੋਰਚੇ ਚ ਸ਼ਾਮਲ ਸਨ। ਉਨ੍ਹਾਂ ਅੱਜ 27 ਦਸੰਬਰ ਸਵੇਰੇ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ ਸੀ।