- ਈਰਾਨ ਨੇ 5 ਦਿਨ ਪਹਿਲਾਂ ਕੀਤਾ ਸੀ ਇਜ਼ਰਾਈਲ ‘ਤੇ ਹਮਲਾ
ਨਵੀਂ ਦਿੱਲੀ, 19 ਅਪ੍ਰੈਲ 2024 – ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਈਰਾਨ ‘ਤੇ ਮਿਜ਼ਾਈਲ ਹਮਲਾ ਕੀਤਾ। ਏਬੀਸੀ ਨਿਊਜ਼ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਈਰਾਨ ਦੇ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਹਾਲਾਂਕਿ ਇਜ਼ਰਾਈਲ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਰਡਾਰ ਮੁਤਾਬਕ ਧਮਾਕਿਆਂ ਤੋਂ ਬਾਅਦ ਈਰਾਨੀ ਹਵਾਈ ਖੇਤਰ ਤੋਂ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ। ਸੀਐਨਐਨ ਨਿਊਜ਼ ਮੁਤਾਬਕ ਕਰੀਬ 8 ਜਹਾਜ਼ਾਂ ਦਾ ਰੂਟ ਬਦਲਣ ਦੀ ਖ਼ਬਰ ਹੈ।
ਇਸਫਹਾਨ ਉਹੀ ਸੂਬਾ ਹੈ ਜਿੱਥੇ ਨਤਾਨਜ਼ ਸਮੇਤ ਈਰਾਨ ਦੇ ਕਈ ਪ੍ਰਮਾਣੂ ਟਿਕਾਣੇ ਸਥਿਤ ਹਨ। ਨਟਾਨਜ਼ ਈਰਾਨ ਦੇ ਯੂਰੇਨੀਅਮ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ। ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਕਈ ਸ਼ਹਿਰਾਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਪਰਮਾਣੂ ਪਲਾਂਟ ‘ਤੇ ਵੀ ਮਿਜ਼ਾਈਲਾਂ ਡਿੱਗੀਆਂ ਹਨ। ਈਰਾਨ ਦੇ ਪ੍ਰਮਾਣੂ ਸਾਈਟ ‘ਤੇ ਤਿੰਨ ਮਿਜ਼ਾਈਲਾਂ ਡਿੱਗਣ ਦੀ ਖ਼ਬਰ ਹੈ। ਇਸ ਦੌਰਾਨ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਆਪਣੇ ਸਾਰੇ ਫੌਜੀ ਠਿਕਾਣਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਈਰਾਨ ਨੇ 300 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਦੇ ਨੇਵਾਤਿਮ ਏਅਰਬੇਸ ਨੂੰ ਨਿਸ਼ਾਨਾ ਬਣਾਇਆ, ਜਿੱਥੇ ਕੁਝ ਨੁਕਸਾਨ ਵੀ ਹੋਇਆ।
ਹਾਲਾਂਕਿ, ਇਜ਼ਰਾਈਲ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦੀ ਮਦਦ ਨਾਲ ਈਰਾਨ ਦੇ 99% ਹਮਲੇ ਨੂੰ ਰੋਕਣ ਵਿੱਚ ਸਫਲ ਰਿਹਾ ਸੀ। ਇਜ਼ਰਾਈਲ ਨੇ ਈਰਾਨ ਦੇ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਵਿਰੁੱਧ ਜਵਾਬੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਯੁੱਧ ਮੰਤਰੀ ਮੰਡਲ ਨਾਲ 5 ਮੀਟਿੰਗਾਂ ਵੀ ਕੀਤੀਆਂ।