ਮੋਹਾਲੀ, 19 ਅਪ੍ਰੈਲ 2024 – ਮੁੰਬਈ ਇੰਡੀਅਨਜ਼ (MI) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 33ਵੇਂ ਮੈਚ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 9 ਦੌੜਾਂ ਨਾਲ ਹਰਾਇਆ।
ਮੁੱਲਾਂਪੁਰ (ਚੰਡੀਗੜ੍ਹ) ਵਿੱਚ ਵੀਰਵਾਰ ਨੂੰ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 192 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਕਿੰਗਜ਼ ਦੀ ਟੀਮ 19.1 ਓਵਰਾਂ ‘ਚ 183 ਦੌੜਾਂ ‘ਤੇ ਆਲ ਆਊਟ ਹੋ ਗਈ।
ਸੂਰਿਆਕੁਮਾਰ ਯਾਦਵ ਨੇ 53 ਗੇਂਦਾਂ ‘ਤੇ 78 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 36 ਦੌੜਾਂ ਅਤੇ ਤਿਲਕ ਵਰਮਾ ਨੇ ਨਾਬਾਦ 34 ਦੌੜਾਂ ਬਣਾਈਆਂ। ਹਰਸ਼ਲ ਪਟੇਲ ਨੇ 3 ਵਿਕਟਾਂ ਲਈਆਂ, ਜਦਕਿ ਕਪਤਾਨ ਸੈਮ ਕੁਰਾਨ ਨੇ 2 ਵਿਕਟਾਂ ਲਈਆਂ। ਕਾਗਿਸੋ ਰਬਾਡਾ ਨੂੰ ਇਕ ਵਿਕਟ ਮਿਲੀ। ਪੀਬੀਕੇਐਸ ਵੱਲੋਂ ਆਸ਼ੂਤੋਸ਼ ਸ਼ਰਮਾ ਨੇ 28 ਗੇਂਦਾਂ ‘ਤੇ 61 ਦੌੜਾਂ ਬਣਾਈਆਂ ਜਦਕਿ ਸ਼ਸ਼ਾਂਕ ਸਿੰਘ ਨੇ 25 ਗੇਂਦਾਂ ‘ਤੇ 41 ਦੌੜਾਂ ਦਾ ਯੋਗਦਾਨ ਪਾਇਆ। ਜਸਪ੍ਰੀਤ ਬੁਮਰਾਹ ਅਤੇ ਗੇਰਾਲਡ ਕੂਟੀਜ਼ ਨੇ 3-3 ਵਿਕਟਾਂ ਲਈਆਂ। ਹਾਰਦਿਕ ਪੰਡਯਾ, ਆਕਾਸ਼ ਮਧਵਾਲ ਅਤੇ ਸ਼੍ਰੇਅਸ ਗੋਪਾਲ ਨੇ ਇਕ-ਇਕ ਵਿਕਟ ਹਾਸਲ ਕੀਤੀ।