ਕਿਸਾਨਾਂ ਦੇ ਖਦਸ਼ੇ ਪਹਿਲਾਂ ਹੀ ਪੰਜਾਬ ਵਿਚ ਸੱਚ ਹੋਣੇ ਸ਼ੁਰੂ ਹੋਏ : ਹਰਸਿਮਰਤ ਬਾਦਲ

  • ਪ੍ਰਧਾਨ ਮੰਤਰੀ ਤੋਂ ਦਖਲ ਮੰਗਿਆ ਤੇ ਕਪਾਹ ਦੀ ਖਰੀਦ ’ਤੇ ਰੋਜ਼ਾਨਾ ਦੀ ਹੱਦ ਖਤਮ ਕਰਨ ਲਈ ਸੀ ਸੀ ਆਈ ਨੂੰ ਹਦਾਇਤ ਦੇਣ ਲਈ ਆਖਿਆ
  • ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਕਿਸਾਨ ਸਸਦੇ ਭਾਅ ਜਿਣਸ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹੋਣਗੇ

ਚੰਡੀਗੜ੍ਹ, 27 ਦਸੰਬਰ 2020 – ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਦੇ ਖਦਸ਼ੇ ਪੰਜਾਬ ਵਿਚ ਪਹਿਲਾਂ ਹੀ ਸੱਚ ਸਾਬਤ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਕਪਾਹ ਦੀ ਰੋਜ਼ਾਨਾ ਖਰੀਦ ਦੀ ਹੱਦ ਤੈਅ ਕਰ ਦਿੱਤੀ ਹੈ ਅਤੇ ਇਸ ਨਾਲ ਖਰੀਦ ਵਿਚ ਚਾਰ ਗੁਣਾ ਕਮੀ ਆ ਗਈ ਹੈ।

ਪ੍ਰਧਾਨ ਮੰਤਰੀ ਨੂੰ ਸੀ ਸੀ ਆਈ ਦੀ ਕਾਰਵਾਈ ਦਾ ਨੋਟਿਸ ਲੈਣੀ ਲਈ ਆਖਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤੁਸੀਂ ਵਾਰ ਵਾਰ ਇਹ ਬਿਆਨ ਦੇ ਰਹੇ ਹੋ ਕਿ ਘੱਟ ਘੱਟ ਸਮਰਥਨ ਮੁੱਲ ਜਾਰੀ ਰਹੇਗਾ ਪਰ ਐਮ ਐਸਪੀ ’ਤੇ ਯਕੀਨੀ ਖਰੀਦ ਬਾਰੇ ਤੁਹਾਡੇ ਵੱਲੋਂ ਕੁਝ ਵੀ ਸਪਸ਼ਟ ਦੱਸਣ ਵਿਚ ਅਸਮਰਥ ਰਹਿਣ ਨਾਲ ਪਹਿਲਾਂ ਹੀ ਸਰਕਾਰੀ ਵਿਭਾਗਾਂ ’ਤੇ ਉਲਟ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀ ਸੀ ਆਈ ਪਿਛਲੇ ਸਾਲ ਦੇ ਸ਼ਡਿਊਅਲ ਮੁਤਾਬਕ ਖਰੀਦ ਕਰਨ ਲਈ ਤਿਆਰ ਨਹੀਂ ਹੈ ਅਤੇ ਪੰਜਾਬ ਦੇ 7 ਜ਼ਿਲਿ੍ਹਆਂ ਦੀਆਂ ਮੰਡੀਆਂ ਵਿਚ ਰੋਜ਼ਾਨਾ 50 ਹਜ਼ਾਰ ਕੁਇੰਟਲ ਕਪਾਹ ਮੰਡੀਆਂ ਵਿਚ ਆਉਣ ’ਤੇ ਵੀ ਸਿਰਫ 12500 ਕੁਇੰਟਲ ਦੀ ਖਰੀਦ ਕਰਨ ਦੀ ਗੱਲ ਕਹਿ ਕੇ ਕਪਾਹ ਉਤਪਾਦਕ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਰਹੀ ਹੈ।

ਪ੍ਰਧਾਨ ਮੰਤਰੀ ਨੂੰ ਕੰਮ ਸਹੀ ਲੀਹ ’ਤੇ ਪਾਉਣ ਵਾਸਤੇ ਆਖਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਤੁਹਾਡੇ ਵੱਲੋਂ ਇਹ ਸਪਸ਼ਟ ਹਦਾਇਤ ਜਾਰੀ ਕੀਤੇਜਾਣ ਦੀ ਜ਼ਰੂਰਤ ਹੈ ਜਿਸ ਵਿਚ ਤੁਸੀਂ ਐਮ ਐਸ ਪੀ ਦੀ ਸੂਚੀ ਵਿਚ ਸ਼ਾਮਲ ਸਾਰੀਆਂ ਖੇਤੀਜਿਣਸਾਂ ਦੀ ਐਮ ਐਸ ਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦਿਓ। ਇਹ ਸਮੇਂ ਦੀ ਜ਼ਰੂਰਤ ਹੈ ਸੀ ਸੀ ਆਈ ਵਰਗੇ ਸਰਕਾਰੀ ਵਿਭਾਗ ਜਿਹਨਾਂ ਸਿਰ ਐਮ ਐਸ ਪੀ ’ਤੇ ਕਪਾਹ ਦੀ ਖਰੀਦ ਦੀ ਜ਼ਿੰਮੇਵਾਰੀ ਹੈ, ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸੀ ਸੀ ਆਈ ਅਜਿਹਾ ਨਹੀਂ ਕਰਦੀ ਤਾਂ ਫਿਰ ਕਿਸਾਨ ਪ੍ਰਾਈਵੇਟ ਵਪਾਰੀਆਂ ਤੋਂ ਕੀ ਆਸ ਰੱਖਣਗੇ ? ਸ੍ਰੀਮਤੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਇਕ ਸਮਾਨ ਕਾਨੂੰਨ ਲਿਆਂਦਾ ਜਾਵੇ ਜਿਸ ਵਿਚ ਪ੍ਰਾਈਵੇਟ ਵਪਾਰੀਆਂ ਲਈ ਐਮ ਐਸ ਪੀ ਅਨੁਸਾਰ ਹੀ ਖੇਤੀ ਜਿਣਸਾਂ ਦੀ ਖਰੀਦ ਲਾਜ਼ਮੀ ਹੋਵੇ ਤੇ ਉਹ ਐਮ ਐਸ ਪੀ ਤੋਂ ਘੱਟ ਰੇਟ ’ਤੇ ਖਰੀਦ ਨਾ ਕਰ ਸਕਣ।

ਮਾਲਵਾ ਖੇਤਰ ਵਿਚ ਸੀ ਸੀ ਆਈ ਵੱਲੋਂ ਕਪਾਹ ਦੀ ਖਰੀਦ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਕਪਾਹ ਦੀ ਆਮਦ ਸਿਖ਼ਰਾਂ ’ਤੇ ਹੈ ਪਰ ਸੀ ਸੀ ਆਈ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ 22 ਖਰੀਦ ਕੇਂਦਰਾਂ ’ਤੇ ਰੋਜ਼ਾਨਾ ਸਿਰਫ 12500 ਕੁਇੰਟਲ ਦੀ ਖਰੀਦ ਹੀ ਕਰੇਗੀ। ਉਹਨਾਂ ਕਿਹਾ ਕਿ ਇਸ ਨਾਲ ਮੰਡੀਆਂ ਵਿਚ ਭੀੜ ਵੱਧ ਜਾਵੇਗੀ ਅਤੇ ਕਿਸਾਨ ਇਕ ਦੂਜੇ ਤੋਂ ਪਹਿਲਾਂ ਜਿਣਸ ਵੇਚਣ ਦੀ ਦੌੜ ਵਿਚ ਲੱਗ ਜਾਣਗੇ ਜਿਸ ਦਾ ਨਤੀਜਾ ਭ੍ਰਿਸ਼ਟ ਤਰੀਕਿਆਂ ਨੂੰ ਜਨਮ ਦੇਵੇਗਾ ਤੇ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਕਪਾਹ ਮੰਦੇ ਵਿਚ ਵੇਚਣ ਲਈ ਮਜਬੂਰ ਹੋ ਜਾਣਗੇ। ਉਹਨਾਂ ਕਿਹਾ ਕਿ ਸੀ ਸੀ ਆਈ ਵੱਲੋਂ ਤੈਅ ਕੀਤੇ ਮੌਜੂਦਾ ਪ੍ਰੋਗਰਾਮ ਮੁਤਾਬਕ ਖਰੀਦ ਦਾ ਸੀਜ਼ਨ ਅਗਲੇ ਸਾਲ ਸਤੰਬਰ ਤੱਕ ਚੱਲੇਗਾ। ਛੋਟੇ ਕਿਸਾਨ ਨਾ ਤਾਂ ਆਪਣੀ ਜਿਣਸ ਸਟੋਰ ਕਰ ਸਕਦੇ ਹਨ ਤੇ ਨਾ ਹੀ ਲੰਬਾ ਸਮਾਂ ਇਸਦੀ ਵਿਕਰੀ ਦੀ ਉਡੀਕ ਕਰ ਸਕਦੇ ਹਨ। ਉਹਨਾਂ ਨੁੰ ਮੰਦੇ ਭਾਅ ਜਿਣਸ ਵੇਚਣ ਲਈ ਮਜਬੂਰ ਹੋਣਾ ਪਵੇਗਾ।

ਉਹਨਾਂ ਕਿਹਾ ਕਿ ਬਠਿੰਡਾ, ਅਬੋਹਰ, ਮਾਨਸਾ ਤੇ ਮੌੜ ਦੀਆਂ ਪ੍ਰਮੁੱਖ ਮੰਡੀਆਂ ਵਿਚ ਤਾਂ ਹਾਲਾਤ ਪਹਿਲਾਂ ਹੀ ਖਤਰਨਾਕ ਬਣੇ ਹੋਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਦਖਲ ਦੇਣ ਅਤੇ ਸੀ ਸੀ ਆਈ ਤੋਂ ਇਸਦੇ ਮਨਮਰਜ਼ੀ ਵਾਲੇ ਹੁਕਮ ਤੁਰੰਤ ਵਾਪਸ ਕਰਵਾਉਣ ਅਤੇ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਸਾਰੀ ਕਪਾਹ ਦੀ ਖਰੀਦ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ ਤਾਂ ਜੋ ਸੂਬੇ ਦੇ ਕਪਾਹ ਉਤਪਾਦਕਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਇਆ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਦੀ ਸਮੁੱਚੀ ਲੀਡਰਸ਼ਿਪ ਸ਼ਹੀਦੀ ਜੋੜ ਮੇਲ ਮੌਕੇ ਹੋਈ ਨਤਮਸਤਕ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਦੱਸਣ ’ਤੇ ਪੰਜਾਬ ਭਾਜਪਾ ਦੀ ਕੀਤੀ ਨਿਖੇਧੀ