- ਅਕਾਲੀ ਦਲ ਦੇ ਉਮੀਦਵਾਰ ਨੇ ਪਟਿਆਲਾ ’ਚ ਕੀਤੀਆਂ ਜਨਸਭਾਵਾਂ
- ਕਰਜ਼ਾ ਉਤਾਰਨ ਲਈ ਕਰਜ਼ ਲੈ ਰਹੀ ‘ਆਪ’ ਸਰਕਾਰ
ਪਟਿਆਲਾ, 20 ਅਪ੍ਰੈਲ 2024 – ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੁਮਲਿਆਂ ਦੀ ਸਰਕਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਔਰਤਾਂ ਅੱਜ ਵੀ ਇੱਕ-ਇੱਕ ਹਜ਼ਾਰ ਰੁਪਏ ਮਾਸਿਕ ਭੱਤੇ ਦੀ ਉਡੀਕ ਕਰ ਰਹੀਆਂ ਹਨ। ਐਨ.ਕੇ.ਸ਼ਰਮਾ ਚੋਣ ਪ੍ਰਚਾਰ ਮੁਹਿੰਮ ਦੌਰਾਨ ਪਟਿਆਲਾ ਵਿਖੇ ਵੱਖ-ਵੱਖ ਥਾਵਾਂ ‘ਤੇ ਵਰਕਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਰੂਬਰੂੂ ਹੋਏ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਤੋਂ ਸੱਤਾ ਸੰਭਾਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਵੀਹ ਸਾਲ ਪਿੱਛੇ ਧੱਕ ਦਿੱਤਾ ਹੈ। ਭਗਵੰਤ ਮਾਨ ਸਰਕਾਰ ਦਾ ਸਾਰਾ ਧਿਆਨ ਸਿਰਫ ਪ੍ਰਚਾਰ ਵੱਲ ਹੈ। ਪੰਜਾਬ ਦੇ ਹਾਲਾਤ ਅੱਜ ਇਹ ਬਣ ਗਏ ਹਨ ਕਿ ਸਰਕਾਰ ਕਰਜ਼ਾ ਉਤਾਰਨ ਲਈ ਕਰਜ਼ਾ ਲੈ ਰਹੀ ਹੈ। ਪਿਛਲੀਆਂ ਸਰਕਾਰਾਂ ਨੂੰ ਕਰਜ਼ੇ ਅਤੇ ਹੋਰ ਮੁੱਦਿਆਂ ‘ਤੇ ਘੇਰਨ ਵਾਲੀ ਸਰਕਾਰ ਨੂੰ ਖੁਦ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਸਦੇ ਕਾਰਜਕਾਲ ਦੌਰਾਨ ਕਿੰਨਾ ਕਰਜ਼ਾ ਲਿਆ ਗਿਆ ਹੈ ਅਤੇ ਉਸ ਦੀ ਵਰਤੋਂ ਕਿੱਥੇ ਕੀਤੀ ਗਈ ਹੈ।
ਸ਼ਰਮਾ ਨੇ ਕਿਹਾ ਕਿ ਸਾਲ 2022 ਦੀਆਂ ਚੋਣਾਂ ਦੌਰਾਨ ਜੋ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ, ਉਹ ਅੱਜ ਸਾਰੇ ਵਾਅਦੇ ਭੁੱਲ ਗਈ ਹੈ। ਪੰਜਾਬ ਦੀਆਂ ਲੱਖਾਂ ਔਰਤਾਂ ਨੂੰ ਹਰ ਮਹੀਨੇ ਇੱਕ-ਇੱਕ ਹਜ਼ਾਰ ਰੁਪਏ ਮਾਸਿਕ ਭੱਤਾ ਦੇਣ ਦੇ ਨਾਮ ‘ਤੇ ਗੁੰਮਰਾਹ ਕੀਤਾ ਗਿਆ। ਅੱਜ ਵੀ ਪੰਜਾਬ ਦੀਆਂ ਔਰਤਾਂ ਭੱਤੇ ਦੀ ਉਡੀਕ ਕਰ ਰਹੀਆਂ ਹਨ। ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਸਰਕਾਰੀ ਮੁਲਾਜ਼ਮਾਂ ਨੂੰ ਕਈ-ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੋਣਾਂ ਤੋਂ ਪਹਿਲਾਂ ਹੀ ਚੋਣ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ।
ਆਪ ਦੇ ਉਮੀਦਵਾਰ ਜੇਕਰ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਤੋਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਦਾ ਹਿਸਾਬ ਜ਼ਰੂਰ ਮੰਗਿਆ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਖੁਸ਼ਵੰਤ ਸਿੰਘ ਢਿੱਲੋਂ, ਬੀਬੀ ਮਹਿੰਦਰ ਕੌਰ, ਕ੍ਰਿਸ਼ਨ ਸਿੰਘ ਸਨੌਰ, ਗੁਰਦਰਸ਼ਨ ਸਿੰਘ ਗਾਂਧੀ, ਪਲਵਿੰਦਰ ਸਿੰਘ ਰਿੰਕੂ, ਅਮਰਜੀਤ ਸਿੰਘ ਨੌਗਾਵਾਂ, ਨਿਰੰਜਣ ਸਿੰਘ ਫੌਜੀ, ਦਵਿੰਦਰਪਾਲ ਸਿੰਘ ਚੱਢਾ, ਜਸਵਿੰਦਰ ਪਾਲ ਸਿੰਘ, ਮਹਿੰਦਰ ਸਿੰਘ ਪੰਜੇਟਾ ਸਮੇਤ ਕਈ ਅਕਾਲੀ ਆਗੂ ਹਾਜ਼ਰ ਸਨ।