ਨਵੀਂ ਦਿੱਲੀ, 22 ਅਪ੍ਰੈਲ 2024 – ਮਾਲਦੀਵ ਵਿੱਚ ਇੰਡੀਆ ਆਉਟ ਮੁਹਿੰਮ ਚਲਾਉਣ ਵਾਲੇ ਪ੍ਰਧਾਨ ਮੁਹੰਮਦ ਮੁਈਜ਼ੂ ਦੀ ਪਾਰਟੀ ਸੰਸਦੀ ਚੋਣਾਂ ਵਿੱਚ ਜਿੱਤ ਵੱਲ ਵਧ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕੱਲ੍ਹ (21 ਅਪ੍ਰੈਲ) ਨੂੰ 93 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਹੁਣ ਤੱਕ 86 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ ਨੇ 66 ਸੀਟਾਂ ਜਿੱਤੀਆਂ ਹਨ।
ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 47 ਤੋਂ ਵੱਧ ਸੀਟਾਂ ਚਾਹੀਦੀਆਂ ਸਨ। ਨਤੀਜਿਆਂ ਦੇ ਅਧਿਕਾਰਤ ਐਲਾਨ ਵਿੱਚ ਇੱਕ ਹਫ਼ਤਾ ਲੱਗ ਜਾਵੇਗਾ। ਮਾਲਦੀਵ ਦੀ ਸੰਸਦ ਦਾ ਕਾਰਜਕਾਲ ਮਈ ਵਿੱਚ ਸ਼ੁਰੂ ਹੋਵੇਗਾ। ਨਿਊਜ਼ ਏਜੰਸੀ ਏਪੀ ਮੁਤਾਬਕ ਮੁਈਜ਼ੂ ਦੀ ਜਿੱਤ ਭਾਰਤ ਲਈ ਵੱਡਾ ਝਟਕਾ ਹੈ।
ਭਾਰਤ ਅਤੇ ਚੀਨ ਇਸ ਚੋਣ ‘ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਦੋਵੇਂ ਰਣਨੀਤਕ ਤੌਰ ‘ਤੇ ਮਹੱਤਵਪੂਰਨ ਮਾਲਦੀਵ ‘ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੇ ਹਨ। ਮੁਈਜ਼ੂ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਅਗਲੇ 5 ਸਾਲਾਂ ਤੱਕ ਮਾਲਦੀਵ ਵਿੱਚ ਚੀਨ ਪੱਖੀ ਸਰਕਾਰ ਬਣੇਗੀ।