ਗੁਰਦਾਸਪੁਰ 22 ਅਪ੍ਰੈਲ 2024 – ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਰਤਮਾਨ ਵਿੱਚ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ ਰਹੇ ਵਿਕਾਸ ਗੁਪਤਾ ਦੇ ਖਿਲਾਫ ਥਾਨਾ ਸਿਟੀ ਗੁਰਦਾਸਪੁਰ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਤੇ ਇੱਕ ਪੈਸੇ ਦੇ ਲੈਣ ਦੇਣ ਦੇ ਚਲਦਿਆਂ ਫਰੂਟ ਵੇਚਣ ਵਾਲੇ ਅਤੇ ਉਸ ਦਿਨ ਰਿਸ਼ਤੇਦਾਰਾਂ ਤੇ ਹਮਲਾ ਕਰ ਜਖਮੀ ਕਰਨ ਦਾ ਦੋਸ਼ ਹੈ।
ਸਤਪਾਲ ਪੁੱਤਰ ਰਾਧਾ ਰਾਮ ਵਾਸੀ ਕੱਦਾ ਵਾਲੀ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੇਟੇ ਰਾਕੇਸ ਕੁਮਾਰ ਅਤੇ ਕਮਲਜੀਤ ਕੁਮਾਰ ਦੇ ਨਾਲ ਮਿਲਕ ਪਲਾਟ ਵੇਰਕਾ ਚੋਂਕ ਗੁਰਰਦਾਸਪੁਰ ਦੇ ਨਜਦੀਕ ਫਰੂਟ ਦੀ ਫੜੀ ਲਗਾਉਂਦਾ ਹੈ।ਮਿਤੀ 10 ਅਪ੍ਰੈਲ ਨੂੰ ਸਵੇਰੇ 10.15 ਵਜੇ ਦੇ ਕਰੀਬ ਵਿਕਾਸ ਗੁਪਤਾ ਆਪਣੇ ਸਾਥੀ ਰਾਹੁਲ ਨਾਲ ਉਸ ਦੀ ਫੜੀ ਤੇ ਆਏ ਅਤੇ ਆਉਦੇ ਹੀ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਦੋਸੀ ਨੇ ਦਸਤੀ ਰਾਡ ਨਾਲ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜਖਮੀ ਕਰ ਦਿੱਤਾ। ਉਸ ਵਲੋਂ ਰੋਲਾ ਪਾਉਣ ਤੇ ਉਸਦਾ ਭਰਾ ਅਜੀਤ ਰਾਮ ਤੇ ਲੜਕਾ ਕਮਲਜੀਤ ਮੋਕੇ ਤੇ ਆ ਗਏ ਜਿਨਾਂ ਨੂੰ ਦੇਖ ਕੇ ਦੋਸੀ ਆਪਣਾ ਮੋਟਰਸਾਇਕਲ ਮੋਕਾ ਤੇ ਛੱਡ ਕੇ ਧਮਕੀਆਂ ਦਿੰਦੇ ਹੋਏ ਐਕਟਿਵਾ ਤੇ ਸਵਾਰ ਹੋ ਕੇ ਦੋੜ ਗਏ।
ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਉਸ ਦੇ ਸਿਵਲ ਹਸਪਤਾਲ ਜਾਣ ਮਗਰੋ ਦੋਸੀ ਵਿਕਾਸ ਗੁਪਤਾ ਆਪਣੇ ਸਾਥੀਆਂ ਨਾਲ ਦੁਬਾਰਾ ਫੜੀ ਤੇ ਆਇਆ ਅਤੇ ਫੜੀ ਤੇ ਬੈਠੇ ਉਸਦੇ ਭਰਾ ਅਜੀਤ ਰਾਮ ਅਤੇ ਲੜਕੇ ਰਾਕੇਸ ਕੁਮਾਰ ਨੂੰ ਮਾਰ ਦੇਣ ਦੀ ਨਿਯਤ ਨਾਲ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ। ਉਹ ਆਪਣੇ ਭਰਾ ਅਜੀਤ ਰਾਮ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਰਿਹਾ ਹੈ ਅਤੇ ਉਸ ਦਾ ਲੜਕਾ ਜਿਆਦਾ ਸੱਟਾਂ ਲੱਗਣ ਕਰਕੇ ਅਮ੍ਰਿਤਸਰ ਵਿਖੇ ਜੇਰੇ ਇਲਾਜ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਆਗੂ ਵਿਕਾਸ ਗੁਪਤਾ ਪੁੱਤਰ ਵਿਜੇ ਗੁਪਤਾ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ,ਉਸ ਦੇ ਨਾਲ ਰਾਹੁਲ ਨਾਮ ਦੇ ਨੌਜਵਾਨ ਅਤੇ ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।