ਜੰਮੂ-ਕਸ਼ਮੀਰ, 23 ਅਪ੍ਰੈਲ 2024 – ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਸੋਮਵਾਰ (22 ਅਪ੍ਰੈਲ) ਨੂੰ ਇਕ ਸਥਾਨਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀੜਤ ਦੀ ਪਛਾਣ ਮੁਹੰਮਦ ਰਜ਼ਾਕ ਵਾਸੀ ਕੁੰਡਾ ਟੋਪੇ ਸ਼ਾਹਦਰਾ ਸ਼ਰੀਫ ਵਜੋਂ ਹੋਈ ਹੈ।
40 ਸਾਲਾ ਰਜ਼ਾਕ ਸਮਾਜ ਭਲਾਈ ਵਿਭਾਗ ਵਿੱਚ ਕੰਮ ਕਰਦਾ ਸੀ। ਉਸਦਾ ਭਰਾ ਫੌਜ ਵਿੱਚ ਸਿਪਾਹੀ ਹੈ। ਅੱਤਵਾਦੀਆਂ ਨੇ ਮੁਹੰਮਦ ਰਜ਼ਾਕ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਰਜ਼ਾਕ ਨੂੰ ਗੋਲੀ ਲੱਗ ਗਈ। ਹਮਲੇ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜੰਮੂ-ਕਸ਼ਮੀਰ ‘ਚ ਇਕ ਮਹੀਨੇ ਦੇ ਅੰਦਰ ਟਾਰਗੇਟ ਕਿਲਿੰਗ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਗੈਰ-ਕਸ਼ਮੀਰੀ ਮਾਰੇ ਗਏ ਸਨ। 17 ਅਪ੍ਰੈਲ ਨੂੰ ਅਨੰਤਨਾਗ ‘ਚ ਅੱਤਵਾਦੀਆਂ ਨੇ ਬਿਹਾਰ ਦੇ ਪ੍ਰਵਾਸੀ ਸ਼ੰਕਰ ਸ਼ਾਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਉਸ ਦੇ ਪੇਟ ਅਤੇ ਗਰਦਨ ਵਿੱਚ ਗੋਲੀ ਮਾਰ ਦਿੱਤੀ।
ਇਸ ਘਟਨਾ ਤੋਂ ਪਹਿਲਾਂ 8 ਅਪ੍ਰੈਲ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਪਦਪਵਨ ‘ਚ ਗੈਰ-ਕਸ਼ਮੀਰੀ ਸਥਾਨਕ ਡਰਾਈਵਰ ਪਰਮਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ। ਉਹ ਦਿੱਲੀ ਦਾ ਰਹਿਣ ਵਾਲਾ ਸੀ। ਅੱਤਵਾਦੀਆਂ ਨੇ ਪਰਮਜੀਤ ‘ਤੇ ਉਸ ਸਮੇਂ ਹਮਲਾ ਕੀਤਾ ਸੀ, ਜਦੋਂ ਉਹ ਡਿਊਟੀ ‘ਤੇ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ।
7 ਫਰਵਰੀ, 2024 ਨੂੰ ਸ਼੍ਰੀਨਗਰ ਦੇ ਹੱਬਾ ਕਦਲ ਇਲਾਕੇ ‘ਚ ਅੱਤਵਾਦੀਆਂ ਨੇ ਏਕੇ-47 ਰਾਈਫਲ ਨਾਲ ਸਿੱਖ ਭਾਈਚਾਰੇ ਦੇ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤ ਪਾਲ (31) ਅਤੇ ਰੋਹਿਤ ਮਸੀਹ (25) ਵਾਸੀ ਅੰਮ੍ਰਿਤਸਰ ਵਜੋਂ ਹੋਈ ਸੀ। ਅੰਮ੍ਰਿਤ ਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੋਹਿਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।