ਨਵੀਂ ਦਿੱਲੀ, 25 ਅਪ੍ਰੈਲ 2024 – ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ ਐਮ ਕ੍ਰਿਸ਼ਨਨ ਆਪਣੀ ਪ੍ਰੇਮਿਕਾ ਮੱਲਿਕਾ ਬੇਗਮ ਦੇ ਕਈ ਮਰਦਾਂ ਨਾਲ ਸਬੰਧਾਂ ਤੋਂ ਨਾਰਾਜ਼ ਸੀ।
ਕ੍ਰਿਸ਼ਨਨ ਨੇ ਆਪਣੀ ਪ੍ਰੇਮਿਕਾ ਨੂੰ ਬੇਰਹਿਮੀ ਨਾਲ ਕੁੱਟਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਖਬਰਾਂ ਮੁਤਾਬਕ ਕ੍ਰਿਸ਼ਨਨ ਨੇ ਪਿਛਲੇ ਹਫਤੇ ਸਿੰਗਾਪੁਰ ਦੀ ਅਦਾਲਤ ‘ਚ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ।
ਕ੍ਰਿਸ਼ਨਨ ਸ਼ਾਦੀਸ਼ੁਦਾ ਸੀ, ਉਸ ‘ਤੇ ਪਤਨੀ ਦੀ ਕੁੱਟਮਾਰ ਕਰਨ ਦਾ ਵੀ ਦੋਸ਼ ਹੈ। ਸਜ਼ਾ ਸੁਣਾਉਂਦੇ ਹੋਏ ਜੱਜ ਵੈਲੇਰੀ ਥੇਨ ਨੇ ਕਿਹਾ ਕਿ ਕ੍ਰਿਸ਼ਨਨ ਵੱਲੋਂ ਔਰਤਾਂ ਨਾਲ ਵਾਰ-ਵਾਰ ਦੁਰਵਿਵਹਾਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਨੂੰ ਬਹੁਤ ਗੁੱਸਾ ਆਉਂਦਾ ਹੈ, ਜਿਸ ਕਾਰਨ ਉਹ ਹਿੰਸਕ ਹੋ ਜਾਂਦਾ ਹੈ।
2018 ‘ਚ ਕ੍ਰਿਸ਼ਨਨ ‘ਤੇ ਪੁਲਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਵੀ ਲੱਗਾ ਸੀ। ਫਿਰ ਕ੍ਰਿਸ਼ਨਨ ਨੇ ਵਾਅਦਾ ਕੀਤਾ ਕਿ ਉਹ ਆਪਣੇ ਆਪ ਨੂੰ ਸੁਧਾਰੇਗਾ। ਪਰ ਇਸ ਤੋਂ ਬਾਅਦ ਵੀ ਉਸਨੇ ਆਪਣੀ ਪਤਨੀ ਅਤੇ ਪ੍ਰੇਮਿਕਾ ਨਾਲ ਦੁਰਵਿਵਹਾਰ ਕੀਤਾ। ਸਜ਼ਾ ਸੁਣਾਉਂਦੇ ਹੋਏ ਜੱਜ ਵੈਲੇਰੀ ਥੇਨ ਨੇ ਕਿਹਾ ਕਿ ਵਿਅਕਤੀ ਗੁੱਸੇ ਦੀ ਬਿਮਾਰੀ ਤੋਂ ਪੀੜਤ ਸੀ, ਜੋ ਕਿ ਸ਼ਰਾਬ ਕਾਰਨ ਵਧ ਗਿਆ ਸੀ।
2015 ਵਿੱਚ ਇੱਕ ਦਿਨ ਕ੍ਰਿਸ਼ਨਨ ਦੀ ਪਤਨੀ ਨੇ ਉਸਨੂੰ ਅਤੇ ਉਸਦੀ ਪ੍ਰੇਮਿਕਾ ਨੂੰ ਬੈੱਡਰੂਮ ਵਿੱਚ ਸ਼ਰਾਬ ਪੀਂਦੇ ਫੜ ਲਿਆ। ਜਦੋਂ ਉਸ ਦੀ ਪਤਨੀ ਨਾਰਾਜ਼ ਹੋ ਗਈ ਤਾਂ ਕ੍ਰਿਸ਼ਨਨ ਨੇ ਗੁੱਸੇ ਵਿਚ ਆ ਕੇ ਪਤਨੀ ਦੀ ਕੁੱਟਮਾਰ ਕੀਤੀ। ਪਤਨੀ ਨੂੰ ਮਾਰਨ ਲਈ ਉਸ ਨੇ ਵਿਸਕੀ ਦੀ ਬੋਤਲ ਵੀ ਚੁੱਕੀ ਸੀ, ਜਿਸ ਤੋਂ ਡਰਦਿਆਂ ਪਤਨੀ ਨੇ ਕ੍ਰਿਸ਼ਨਨ ਤੋਂ ਮੁਆਫੀ ਮੰਗ ਲਈ। ਬਾਅਦ ‘ਚ ਮਾਮਲਾ ਪੁਲਸ ਕੋਲ ਵੀ ਪਹੁੰਚ ਗਿਆ, ਜਿਸ ਤੋਂ ਬਾਅਦ ਕ੍ਰਿਸ਼ਨਨ ਦੀ ਪਤਨੀ ਨੂੰ ਪੁਲਸ ਸੁਰੱਖਿਆ ਦਿੱਤੀ ਗਈ ਸੀ।
ਸਮੇਂ ਦੇ ਨਾਲ ਕ੍ਰਿਸ਼ਨਨ ਦਾ ਗੁੱਸਾ ਹੋਰ ਵਧ ਗਿਆ। ਅਦਾਲਤ ਮੁਤਾਬਕ 2017 ‘ਚ ਉਸ ਨੇ ਆਪਣੀ ਪ੍ਰੇਮਿਕਾ ਮੱਲਿਕਾ ਨੂੰ ਕਿਸੇ ਮਾਮੂਲੀ ਗੱਲ ‘ਤੇ ਮਾਰਿਆ ਸੀ। ਕੁਝ ਸਮੇਂ ਬਾਅਦ ਜਦੋਂ ਕ੍ਰਿਸ਼ਨਨ ਨੂੰ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਮੱਲਿਕਾ ਦੇ ਕਈ ਮਰਦਾਂ ਨਾਲ ਸਬੰਧ ਹਨ, ਤਾਂ ਉਸ ਦਾ ਦੁਰਵਿਹਾਰ ਵਧਦਾ ਗਿਆ। ਉਹ ਛੋਟੀ-ਛੋਟੀ ਗੱਲ ‘ਤੇ ਮੱਲਿਕਾ ਨੂੰ ਮਾਰਨ ਲੱਗ ਪਿਆ।
ਇੱਕ ਦਿਨ ਕ੍ਰਿਸ਼ਨਨ ਨੇ ਮੱਲਿਕਾ ਨੂੰ ਇੰਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ। ਕੁਝ ਸਮੇਂ ਬਾਅਦ ਕ੍ਰਿਸ਼ਨਨ ਨੂੰ ਅਹਿਸਾਸ ਹੋਇਆ ਕਿ ਮੱਲਿਕਾ ਸਾਹ ਨਹੀਂ ਲੈ ਰਹੀ ਸੀ। ਇਸ ਤੋਂ ਬਾਅਦ ਉਸ ਨੇ ਖੁਦ ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੂੰ ਬੁਲਾਇਆ। ਮੱਲਿਕਾ ਨੂੰ 17 ਜਨਵਰੀ 2019 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਉਸ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।