- ਸੱਟੇਬਾਜ਼ੀ ਐਪ ‘ਤੇ IPL ਸਟ੍ਰੀਮਿੰਗ ਨਾਲ ਜੁੜਿਆ ਹੋਇਆ ਹੈ ਮਾਮਲਾ
ਮੁੰਬਈ, 25 ਅਪ੍ਰੈਲ 2024 – ਬਾਲੀਵੁਡ ਅਭਿਨੇਤਾ ਸੰਜੇ ਦੱਤ ਨੂੰ ਸੰਮਨ ਭੇਜਣ ਦੇ ਦੋ ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈੱਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ ਮਹਾਦੇਵ ਔਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪ ਨਾਲ ਸਬੰਧਤ ਫੇਅਰਪਲੇ ਐਪ ‘ਤੇ 2023 ਵਿੱਚ ਆਈਪੀਐਲ ਮੈਚ ਦੇਖਣ ਦੇ ਪ੍ਰਚਾਰ ਨਾਲ ਸਬੰਧਤ ਹੈ।
ਮਹਾਰਾਸ਼ਟਰ ਸਾਈਬਰ ਸੈੱਲ ਨੇ ਅਭਿਨੇਤਰੀ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਸਾਈਬਰ ਸੈੱਲ ਮੁਤਾਬਕ ਇਸ ਮਾਮਲੇ ‘ਚ ਤਮੰਨਾ ਦਾ ਬਿਆਨ ਦਰਜ ਕੀਤਾ ਜਾਵੇਗਾ। ਅਭਿਨੇਤਰੀ ਤੋਂ ਪੁੱਛਿਆ ਜਾਵੇਗਾ ਕਿ ਫੇਅਰਪਲੇ ਲਈ ਉਸ ਨਾਲ ਕਿਸ ਨੇ ਸੰਪਰਕ ਕੀਤਾ ਅਤੇ ਉਸ ਨੂੰ ਇਸ ਲਈ ਕਿੰਨੇ ਪੈਸੇ ਮਿਲੇ।
ANI ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਅਭਿਨੇਤਾ ਸੰਜੇ ਦੱਤ ਨੂੰ ਵੀ ਇਸ ਮਾਮਲੇ ‘ਚ ਸੰਮਨ ਭੇਜਿਆ ਗਿਆ ਸੀ। ਇਸ ਮਾਮਲੇ ‘ਚ ਜਦੋਂ ਸੰਜੇ ਨੂੰ ਸੰਮਨ ਭੇਜਿਆ ਗਿਆ ਤਾਂ ਅਭਿਨੇਤਾ ਨੇ ਕਿਹਾ ਕਿ ਉਹ ਫਿਲਹਾਲ ਮੁੰਬਈ ‘ਚ ਨਹੀਂ ਹਨ ਅਤੇ ਦਿੱਤੀ ਗਈ ਤਰੀਕ ‘ਤੇ ਪੇਸ਼ ਨਹੀਂ ਹੋ ਸਕਦੇ। ਉਸ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਮਿਤੀ ਅਤੇ ਸਮਾਂ ਮੰਗਿਆ ਹੈ।
ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਮਹਾਰਾਸ਼ਟਰ ਸਾਈਬਰ ਸੈੱਲ ਨੇ ਗਾਇਕ ਬਾਦਸ਼ਾਹ, ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨੇਜਰਾਂ ਦੇ ਬਿਆਨ ਦਰਜ ਕੀਤੇ ਸਨ। ਇਹ ਤਿੰਨੇ ਸੈਲੇਬਸ ਫੇਅਰਪਲੇ ਐਪ ਨੂੰ ਪ੍ਰਮੋਟ ਕਰ ਰਹੇ ਹਨ। ਮਹਾਦੇਵ ਐਪ ਗੈਰ-ਕਾਨੂੰਨੀ ਲੈਣ-ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵੱਖ-ਵੱਖ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ‘ਚ ਹੈ।