ਪਟਿਆਲਾ, 26 ਅਪ੍ਰੈਲ 2024 – ਪ੍ਰੋ. ਅਰਵਿੰਦ ਅੱਜ ਬਤੌਰ ਵਾਈਸ ਚਾਂਸਲਰ ਆਪਣਾ ਤਿੰਨ ਸਾਲਾ ਕਾਰਜਕਾਲ ਪੂਰਾ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਤੋਂ ਰਵਾਨਾ ਹੋ ਗਏ ਤਾਂ ਉਨ੍ਹਾਂ ਦੀ ਵਿਦਾਈ ਅਜਿਹਾ ਮੌਕਾ ਹੋ ਨਿਬੜੀ ਜੋ ਇਸ ਅਦਾਰੇ ਦੇ ਹਿੱਸੇ ਘੱਟ ਆਈ ਹੈ। ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਭਾਵਭਿੰਨੀ ਵਿਦਾਇਗੀ ਦਿੱਤੀ। ਉਨ੍ਹਾਂ ਨਾਲ ਗੁਜ਼ਾਰੇ ਤਿੰਨ ਸਾਲ ਯਾਦ ਕਰ ਕੇ ਉਨ੍ਹਾਂ ਦੇ ਸੰਗੀ-ਸਾਥੀ ਅੱਥਰੂ ਭਰ ਆਏ। ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਹੋਏ ਵਿਦਾਇਗੀ ਸਮਾਗਮ ਵਿੱਚ ਤਕਰੀਬਨ ਸਾਰੇ ਬੁਲਾਰਿਆਂ ਨੇ ਇਹ ਗੱਲ ਵਾਰ-ਵਾਰ ਦੁਹਰਾਈ ਕਿ ਵਾਈਸ ਚਾਂਸਲਰ ਨੂੰ ਇੱਜ਼ਤ ਨਾਲ ਵਿਦਾਇਗੀ ਦੇਣਾ ਇਸ ਅਦਾਰੇ ਦੀ ਰਿਵਾਇਤ ਨਹੀਂ ਹੈ।
ਪਿਛਲੇ ਦੋ ਦਿਨ ਪ੍ਰੋ. ਅਰਵਿੰਦ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਜੋ ਉਨ੍ਹਾਂ ਨਾਲ ਆਪਣੀ ਸਾਂਝ ਜ਼ਾਹਿਰ ਕਰ ਰਹੇ ਸਨ ਅਤੇ ਧੰਨਵਾਦ ਕਰ ਰਹੇ ਸਨ। ਇਸ ਦੌਰਾਨ ਲਗਾਤਾਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਵਿੱਚ ਵਿਓਂਤੇ ਹੋਏ ਆਪਣੇ ਰੁਝੇਵੇਂ ਆਮ ਵਾਂਗ ਨਿਭਾਏ ਅਤੇ ਤਕਰੀਬਨ ਸਾਰੀਆਂ ਮਿਸਲਾਂ ਦਾ ਕੰਮ ਨਿਪਟਾਇਆ ਤਾਂ ਜੋ ਉਨ੍ਹਾਂ ਤੋਂ ਬਾਅਦ ਵਿੱਚ ਆਉਣ ਵਾਲੇ ਵਾਈਸ ਚਾਂਸਲਰ ਨੂੰ ਨਵੇਂ ਸਿਰੇ ਤੋਂ ਪੁਰਾਣੀਆਂ ਮਿਸਲਾਂ ਉੱਤੇ ਊਰਜਾ ਨਾ ਲਗਾਉਣੀ ਪਵੇ। ਉਨ੍ਹਾਂ ਨੇ ਆਪਣੇ ਦਫ਼ਤਰ ਦੇ ਸਮੁੱਚੇ ਮੁਲਾਜ਼ਮਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਤਾਂ ਦੋਵਾਂ ਪਾਸਿਓਂ ਸ਼ੁਕਰਗੁਜ਼ਾਰੀ ਵਰਗੇ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਸਨ। ਜਦੋਂ ਉਹ ਵਾਈਸ ਚਾਂਸਲਰ ਵਜੋਂ ਆਪਣੇ ਦਫ਼ਤਰ ਤੋਂ ਆਖ਼ਰੀ ਵਾਰ ਜਾਣ ਲੱਗੇ ਤਾਂ ਉਨ੍ਹਾਂ ਦੇ ਦਫ਼ਤਰ ਤੋਂ ਕਾਰ ਤੱਕ ਦੋਵੇਂ ਪਾਸੇ ਵਿਦਾਈ ਦੇਣ ਵਾਲੇ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਪੂਰ ਉਨ੍ਹਾਂ ਲਈ ਮੋਹ ਭਿੱਜੇ ਅਲਫ਼ਾਜ਼ ਬੋਲ ਰਹੇ ਸਨ। ਪੂਰੇ ਮਾਹੌਲ ਵਿੱਚ ਭਾਵੁਕਤਾ ਤਾਰੀ ਸੀ। ਉਨ੍ਹਾਂ ਦੀ ਕਾਰ ਦੇ ਜਾਣ ਤੋਂ ਬਾਅਦ ਕੁਝ ਮੁਲਾਜ਼ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ ਅਤੇ ਉਹ ਇੱਕ-ਦੂਜੇ ਨੂੰ ਧਰਵਾਸਾ ਦੇ ਰਹੇ ਸਨ।
ਸੈਨੇਟ ਹਾਲ ਵਿੱਚ ਡੀਨ ਅਕਾਦਮਿਕ ਮਾਮਲਿਆਂ ਪ੍ਰੋ. ਏ. ਕੇ. ਤਿਵਾੜੀ ਨੇ ਕਿਹਾ ਕਿ ਉਨ੍ਹਾਂ ਬਹੁਤ ਨੇੜਿਓਂ ਪ੍ਰੋ. ਅਰਵਿੰਦ ਨਾਲ ਕੰਮ ਕੀਤਾ ਅਤੇ ਇਸ ਤੋਂ ਬਿਹਤਰ ਵਾਈਸ ਚਾਂਸਲਰ ਯੂਨੀਵਰਸਿਟੀ ਨੂੰ ਨਹੀਂ ਮਿਿਲਆ ਅਤੇ ਮਿਲਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਉਹ ਅੱਗੋਂ ਵੀ ਉਨ੍ਹਾਂ ਤੋਂ ਸੇਧ ਲੈਂਦੇ ਰਹਿਣਗੇ। ਉਨ੍ਹਾਂ ਤੋਂ ਬਾਅਦ ਪ੍ਰੋ. ਮਨਜੀਤ ਸਿੰਘ ਪਾਤੜ ਨੇ ਪ੍ਰੋ. ਅਰਵਿੰਦ ਦੀ ਸਹਾਰਨਾ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਮੁਸ਼ਕਲ ਫ਼ੈਸਲੇ ਲੈਣ ਦੇ ਸਮਰੱਥ ਹਨ। ਪ੍ਰੋ. ਰਾਜੇਸ਼ ਸ਼ਰਮਾ ਆਪ ਹੱਥ ਖੜ੍ਹਾ ਕਰ ਕੇ ਸਭ ਤੋਂ ਪਹਿਲਾਂ ਮੰਚ ਉੱਤੇ ਬੋਲਣ ਆਏ ਅਤੇ ਕਿਹਾ ਕਿ ਪ੍ਰੋ. ਅਰਵਿੰਦ ਨੇ ਅਕਾਦਮਿਕ ਸਮਾਗਮਾਂ ਦੇ ਹਰ ਸੱਦੇ ਨੂੰ ਪ੍ਰਵਾਨ ਕੀਤਾ ਅਤੇ ਵੱਖ-ਵੱਖ ਵਿਿਸ਼ਆਂ ਦੇ ਨਾਲ ਸਰਗਰਮ ਰਾਬਤਾ ਕਾਇਮ ਰੱਖਿਆ। ਉਨ੍ਹਾਂ ਮਿਸਾਲ ਦਿੱਤੀ ਕਿ ਕਿਸੇ ਨਜ਼ਮ ਨੂੰ ਵਿਿਗਆਨ ਦੇ ਹਵਾਲੇ ਨਾਲ ਸਮਝਣਾ ਪ੍ਰੋ. ਅਰਵਿੰਦ ਜਿਹੇ ਵਿਿਗਆਨੀ ਦਾ ਸ਼ਊਰ ਹੈ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਕਿਹਾ ਕਿ ਪ੍ਰੋ. ਅਰਵਿੰਦ ਨੇ ਸਾਹਿਤ ਅਤੇ ਸਾਇੰਸ ਵਿੱਚ ਪੁੱਲ ਉਸਾਰਨ ਦਾ ਕੰਮ ਕੀਤਾ।
ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਯੂਨੀਵਰਸਿਟੀ ਵਰਗੇ ਅਦਾਰੇ ਤੋਂ ਸੋਚਵਾਨ ਅਤੇ ਸੂਝਵਾਨ ਮਨੁੱਖ ਪੈਦਾ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ। ਵਿਿਦਅਕ ਅਦਾਰੇ ਦੇ ਤਸਾਵੁੱਰ ਬਾਰੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਪੰਜਾਬ ਦੀ ਸ਼ਨਾਖ਼ਤ ਕਿਸੇ ਵਿਿਦਅਕ ਅਦਾਰੇ ਨਾਲ ਜੋੜ ਕੇ ਕਰਨੀ ਹੈ ਤਾਂ ਇਸ ਦੇ ਪੰਜ ਦਰਿਆ ਹਨ: ਗਿਆਨ, ਵਿਿਗਆਨ, ਕਲਾ, ਸ਼ਊਰ ਅਤੇ ਸਲਾਹੀਅਤ। ਇਸ ਤੋਂ ਬਾਅਦ ਉਨ੍ਹਾਂ ਵੇਰਵਾ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਨੇ ਲਾਹੌਰ ਤੋਂ ਬਸਤਾਨੀ ਦੌਰ ਵਿੱਚ ਅਤੇ ਜਵਾਹਰਲਾਲ ਯੂਨੀਵਰਸਿਟੀ ਨੇ ਆਜ਼ਾਦੀ ਤੋਂ ਬਾਅਦ ਉਹ ਮਨੁੱਖ ਪੈਦਾ ਕਰਨ ਦਾ ਉਪਰਾਲਾ ਕੀਤਾ ਹੈ ਜੋ ਸੋਚਵਾਨ ਅਤੇ ਸੂਝਵਾਨ ਹੋਣ ਦੇ ਨਾਲ-ਨਾਲ ਆਪਣੇ ਸਮਾਜ ਨਾਲ ਜੁੜਿਆ ਹੋਵੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪ੍ਰੋ. ਅਰਵਿੰਦ ਨੇ ਇਸ ਪਾਸੇ ਨੂੰ ਬਣਦੇ ਉਪਰਾਲੇ ਕੀਤੇ ਹਨ।
ਡਾ. ਓਮਰਾਓ ਸਿੰਘ ਨੇ ਮੰਚ ਤੋਂ ਦੱਸਿਆ ਕਿ ਪ੍ਰੋ. ਅਰਵਿੰਦ ਨੇ ਸਭ ਨੂੰ ਆਪਣਾ-ਆਪਣਾ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੈ ਅਤੇ ਉਨ੍ਹਾਂ ਤੋਂ ਕੰਮ ਕਰਵਾਇਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਜੇ ਸਾਥੋਂ ਕੰਮ ਕਰਵਾਉਣਾ ਹੈ ਤਾਂ ਵਾਈਸ ਚਾਂਸਲਰ ਦਾ ਇਹ ਮਿਆਰ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਮੋਨਿਕਾ ਚਾਵਲਾ ਅਤੇ ਪ੍ਰੋ. ਸੰਜੀਵ ਪੂਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਕਾਦਮਿਕ ਮਾਮਲਿਆਂ ਦੇ ਸਾਬਕਾ ਡੀਨ ਪ੍ਰੋ. ਬਲਬੀਰ ਸਿੰਘ ਸੰਧੂ ਇਸ ਮੌਕੇ ਉਚੇਚੇ ਤੌਰ ਉੱਤੇ ਪੁੱਜੇ ਅਤੇ ਉਨ੍ਹਾਂ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਪ੍ਰੋ ਅਰਵਿੰਦ ਨੇ ਆਪਣੇ ਜੀਵਨ ਸਫ਼ਰ ਦੀ ਸਾਂਝ ਪਾਉਂਦਿਆ ਕਿਹਾ ਕਿ ਉਹ ਆਈ.ਆਈ.ਟੀ. ਮਦਰਾਸ ਤੋਂ ਆਈਸਰ ਮੋਹਾਲੀ ਵਿੱਚ ਪੰਜਾਬ ਆਉਣ ਦੀ ਤਾਂਘ ਕਾਰਨ ਆਏ ਸਨ ਪਰ ਉਨ੍ਹਾਂ ਦਾ ਪੰਜਾਬ ਵਿੱਚ ਆਉਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਉਣ ਨਾਲ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵੰਨ-ਸਵੰਨੇ ਅਕਾਦਮਿਕ ਅਤੇ ਸੱਭਿਆਚਾਰਕ ਸਮਾਗਮ ਪੰਜਾਬੀ ਯੂਨੀਵਰਸਿਟੀ ਨੂੰ ਵੱਖਰਾ ਬਣਾਉਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿਖਣ ਲਈ ਮਿਿਲਆ। ਉਨ੍ਹਾਂ ਆਸ ਜਤਾਈ ਕਿ ਪੰਜਾਬੀ ਯੂਨੀਵਰਸਿਟੀ ਆਪਣਾ ਕੰਮ ਜਾਰੀ ਰੱਖੇਗੀ ਅਤੇ ਆਪਣੇ ਮਨੋਰਥ ਨਾਲ ਜੁੜੀ ਰਹੇਗੀ।