ਬਠਿੰਡਾ, 27 ਅਪ੍ਰੈਲ 2024 – ਬਠਿੰਡਾ ‘ਚ ਸ਼ੁੱਕਰਵਾਰ ਦੇਰ ਰਾਤ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਇਲਾਕੇ ਮਹਿਲਾ ਥਾਣੇ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ। ਇਹ ਘਟਨਾ ਸ਼ਹਿਰ ਦੇ ਡੀਸੀ ਅਤੇ ਐਸਪੀ ਦੀ ਨਿੱਜੀ ਰਿਹਾਇਸ਼ ਨੇੜੇ ਵਾਪਰੀ। ਸਵੇਰੇ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਜ਼ਿਲ੍ਹਾ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ। ਜਿਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਤੁਰੰਤ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲੀਸ ਨੇ ਪਹਿਲਾਂ ਉਕਤ ਥਾਂ ’ਤੇ ਲਿਖੇ ਨਾਅਰਿਆਂ ਨੂੰ ਪੇਂਟ ਕਰਕੇ ਮਿਟਾਇਆ ਅਤੇ ਫਿਰ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ।
ਦੱਸ ਦਈਏ ਕਿ ਜਿੱਥੇ ਇਹ ਘਟਨਾ ਵਾਪਰੀ, ਉਸ ਤੋਂ ਸਿਰਫ਼ 100 ਮੀਟਰ ਦੀ ਦੂਰੀ ‘ਤੇ ਡੀਸੀ ਅਤੇ ਐਸਪੀ ਦਾ ਸਰਕਾਰੀ ਘਰ ਹੈ। ਉਕਤ ਇਲਾਕਾ ਸ਼ਹਿਰ ਦਾ ਅਤਿ ਸੰਵੇਦਨਸ਼ੀਲ ਇਲਾਕਾ ਮੰਨਿਆ ਜਾਂਦਾ ਹੈ। ਇਨ੍ਹਾਂ ਥਾਵਾਂ ‘ਤੇ 24 ਘੰਟੇ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਪਰ ਫਿਰ ਵੀ ਦੋਸ਼ੀ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਅੱਧੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਇਸੇ ਦੇ ਆਧਾਰ ‘ਤੇ ਪੁਲਸ ਆਸ-ਪਾਸ ਦੇ ਇਲਾਕਿਆਂ ਅਤੇ ਹਾਈਵੇਅ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਕੇ ਹਾਈਵੇ ਵੱਲ ਭੱਜ ਗਿਆ।