ਰੂਪਨਗਰ, 28 ਅਪ੍ਰੈਲ 2024 – ਸ਼ਨੀਵਾਰ ਨੂੰ ਰੂਪਨਗਰ ‘ਚ ਡੇਢ ਸਾਲ ਦੇ ਬੱਚੇ ਦੀ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਬੱਚਾ ਖੇਡਦਾ ਖੇਡਦਾ ਬਾਥਰੂਮ’ਚ ਪਹੁੰਚ ਗਿਆ। ਜਦੋਂ ਤੱਕ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ-ਲੱਭਦੇ ਪਹੁੰਚੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਨੰਗਲ ਦੇ ਮੁਹੱਲਾ ਪੁਰਾਣਾ ਗੁਰਦੁਆਰਾ ਇਲਾਕੇ ‘ਚ ਵਾਪਰੀ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਬੱਚੇ ਨੂੰ ਦੀ ਪਛਾਣ ਵਾਰਸ ਵਜੋਂ ਹੋਈ ਹੈ। ਉਸ ਦੇ ਪਿਤਾ ਗੋਲਡੀ ਪੁਰੀ ਸਕਰੈਪ ਡੀਲਰ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਸੋਨੀਆ ਹੈ। ਗੋਲਡੀ ਅਤੇ ਸੋਨੀਆ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਡੇਢ ਸਾਲ ਪਹਿਲਾਂ ਹੀ ਉਸ ਦਾ ਬੱਚਾ ਹੋਇਆ ਸੀ। ਜਿਸ ਦਾ ਨਾਂ ਉਨ੍ਹਾਂ ਨੇ ਵਾਰਿਸ ਰੱਖਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸਾਂਝੇ ਪਰਿਵਾਰ ‘ਚ ਰਹਿੰਦੇ ਹਨ ਅਤੇ ਵਾਰਿਸ ਘਰ ਖੇਡ ਰਿਹਾ ਸੀ। ਪਰਿਵਾਰ ਵਾਲਿਆਂ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਨੂੰ ਗੋਦ ਵਿਚ ਲੈ ਕੇ ਇਧਰ-ਉਧਰ ਘੁੰਮ ਰਿਹਾ ਹੈ। ਜਦੋਂ ਕਾਫੀ ਦੇਰ ਤੱਕ ਵਾਰਸ ਨਜ਼ਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਫਿਰ ਪਰਿਵਾਰ ਵਾਲਿਆਂ ਦੀ ਨਜ਼ਰ ਬਾਥਰੂਮ ਵੱਲ ਗਈ। ਅੰਦਰ ਜਾ ਕੇ ਦੇਖਿਆ ਕਿ ਵਾਰਿਸ ਪਾਣੀ ਦੀ ਬਾਲਟੀ ਵਿਚ ਸਿਰ ਦੇ ਭਾਰ ਪਿਆ ਹੋਇਆ ਸੀ। ਉਸ ਨੂੰ ਤੁਰੰਤ ਬਾਹਰ ਕੱਢ ਕੇ ਸੰਭਾਲਿਆ ਗਿਆ ਪਰ ਉਹ ਬੇਹੋਸ਼ ਹੋ ਚੁੱਕਾ ਸੀ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਲਾਕੇ ਦੇ ਰਹਿਣ ਵਾਲੇ ਸਮਾਜ ਸੇਵੀ ਸੰਜੇ ਸਾਹਨੀ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।