ਹੈਦਰਾਬਾਦ, 3 ਮਈ 2024 – ਇੰਡੀਅਨ ਪ੍ਰੀਮੀਅਰ ਲੀਗ-2024 ਦੇ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਇੱਕ ਦੌੜ ਨਾਲ ਹਰਾਇਆ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਆਖਰੀ ਓਵਰ ਵਿੱਚ 13 ਦੌੜਾਂ ਦਾ ਬਚਾਅ ਕੀਤਾ।
ਵੀਰਵਾਰ ਨੂੰ ਹੋਈ ਇਸ ਜਿੱਤ ਨਾਲ ਸਨਰਾਈਜ਼ਰਸ ਨੇ ਮੌਜੂਦਾ ਸੈਸ਼ਨ ਦੇ ਅੰਕ ਸੂਚੀ ਦੇ ਸਿਖਰ-4 ਵਿੱਚ ਥਾਂ ਬਣਾ ਲਈ ਹੈ, ਜਦਕਿ ਰਾਜਸਥਾਨ ਦੀ ਪਲੇਆਫ ਲਈ ਕੁਆਲੀਫਾਈ ਕਰਨ ਦਾ ਇੰਤਜ਼ਾਰ ਵਧ ਗਿਆ ਹੈ। ਹਾਰ ਦੇ ਬਾਵਜੂਦ ਰਾਇਲਸ 16 ਅੰਕਾਂ ਨਾਲ ਸਿਖਰ ‘ਤੇ ਹੈ।
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਟੀਮ ਨੇ ਸੀਜ਼ਨ ‘ਚ 5ਵੀਂ ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 200 ਦੌੜਾਂ ਹੀ ਬਣਾ ਸਕੀ। ਰਾਇਲਜ਼ ਨੂੰ ਆਖਰੀ ਓਵਰ ‘ਚ ਜਿੱਤ ਲਈ 13 ਦੌੜਾਂ ਦੀ ਲੋੜ ਸੀ ਪਰ ਭੁਵਨੇਸ਼ਵਰ ਕੁਮਾਰ ਨੇ ਸਿਰਫ 11 ਦੌੜਾਂ ਦਿੱਤੀਆਂ। ਭੁਵੀ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 41 ਦੌੜਾਂ ਦੇ ਕੇ 4 ਵਿਕਟਾਂ ਲਈਆਂ।