- ਹਰਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ
ਜਲੰਧਰ, 3 ਮਈ 2024 – ਦੇਰ ਰਾਤ ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗ ਕੇ ਹਰਿਆਣਾ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਹ ਖੁਦਕੁਸ਼ੀ ਹੈ ਜਾਂ ਹਾਦਸਾ ਇਸ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਯੰਕ ਵਾਸੀ ਹਰਿਆਣਾ ਵਜੋਂ ਹੋਈ ਹੈ।
ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਕ੍ਰਾਈਮ ਸੀਨ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓ ਫੋਟੋਆਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਮਯੰਕ ਦੀ ਲਾਸ਼ ਯੂਨੀਵਰਸਿਟੀ ਕੈਂਪਸ ਵਿੱਚ ਪਈ ਦਿਖਾਈ ਦੇ ਰਹੀ ਹੈ।
ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਦੀ ਹੈ। ਮਯੰਕ 9ਵੀਂ ਮੰਜ਼ਿਲ ‘ਤੇ ਰਹਿੰਦਾ ਸੀ। ਦੇਰ ਰਾਤ ਜਦੋਂ ਇਹ ਹੇਠਾਂ ਡਿੱਗਿਆ ਤਾਂ ਜ਼ੋਰਦਾਰ ਧਮਾਕਾ ਹੋਇਆ। ਜਿਸ ਤੋਂ ਬਾਅਦ ਅਚਾਨਕ ਵੱਡੀ ਗਿਣਤੀ ‘ਚ ਵਿਦਿਆਰਥੀ ਮੌਕੇ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ।
ਜਿਸ ਤੋਂ ਬਾਅਦ ਯੂਨੀਵਰਸਿਟੀ ‘ਚ ਮੌਜੂਦ ਅਧਿਕਾਰੀਆਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਮਯੰਕ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਹਸਪਤਾਲ ਨੇ ਮਾਮਲੇ ਦੀ ਸੂਚਨਾ ਥਾਣਾ ਸਤਨਾਮਪੁਰ ਦੀ ਪੁਲਸ ਨੂੰ ਦਿੱਤੀ।
ਸਤਨਾਮਪੁਰਾ ਥਾਣੇ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਪੁਲੀਸ ਖੁਦਕੁਸ਼ੀ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਨੇ ਹਰਿਆਣਾ ਦੇ ਰਹਿਣ ਵਾਲੇ ਮਯੰਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਹੈ।
ਫਗਵਾੜਾ ਕਪੂਰਥਲਾ ਪੁਲਸ ਨੇ ਮਾਮਲੇ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਜਲਦ ਹੀ ਮਾਮਲੇ ‘ਚ ਕਾਰਵਾਈ ਕਰੇਗੀ।