- ਪਟਿਆਲਾ ਤੋਂ ਦਸ ਕਿਲੋਮੀਟਰ ਦੂਰ ਹਰਿਆਣਾ ਦੇ ਕਾਂਗਰਸੀ ਕਰ ਰਹੇ ‘ਆਪ’ ਲਈ ਪ੍ਰਚਾਰ
- ਧਰਮਵੀਰ ਗਾਂਧੀ ਦੱਸਣ ਉਹ ਇੰਡੀਆ ਗਠਜੋੜ ਦੇ ਉਮੀਦਵਾਰ ਹਨ ਜਾਂ ਉਸ ਤੋਂ ਵੱਖ
ਸਨੌਰ, ਪਟਿਆਲਾ, 3 ਮਈ 2024 – ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ‘ਇੱਕ ਹੀ ਥੈਲੀ ਦੇ ਚੱਟੇ-ਬੱਟੇ’ ਕਰਾਰ ਦਿੰਦਿਆਂ ਕਿਹਾ ਹੈ ਕਿ ਪਟਿਆਲਾ ਤੋਂ ਦਸ ਕਿਲੋਮੀਟਰ ਦੀ ਦੂਰੀ ‘ਤੇ ਹਰਿਆਣਾ ਦੇ ਕੁਰੂਕਸ਼ੇਤਰ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਕੇ ਚੋਣ ਲੜ ਰਹੀਆਂ ਹਨ ਅਤੇ ਕਾਂਗਰਸੀ ਆਗੂ ‘ਆਪ’ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ ਅਤੇ ਪਟਿਆਲਾ ਵਿਚ ਦੋਵੇਂ ਇਕ ਦੂਜੇ ਤੋਂ ਵੱਖ ਹੋਣ ਦਾ ਢੌਂਗ ਕਰ ਰਹੇ ਹਨ।
ਐਨ. ਕੇ. ਸ਼ਰਮਾ ਅੱਜ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸਨੌਰ ਹਲਕੇ ਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਅੱਜ ਅਲੀਪੁਰ ਜੱਟਾਂ, ਚੁਰਾਸੋਂ, ਪੰਜੋਲਾ, ਮਰਦਾਂਹੇੜੀ, ਉਪਲੀ, ਸ਼ਾਦੀਪੁਰ, ਸ਼ੇਖੂਪੁਰਾ, ਪੰਜੇਟਾ, ਨੈਣ ਕਲਾਂ ਅਤੇ ਸਨੌਰ ਸ਼ਹਿਰ ਵਿਚ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਸ਼ਰਮਾ ਨੇ ਕਿਹਾ ਕਿ ਗਾਂਧੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਬਾਅਦ ਪਟਿਆਲਾ ਦੇ ਲੋਕਾਂ ਦੇ ਹਿੱਤਾਂ ਨਾਲ ਸੌਦਾ ਕਰਕੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਕਾਂਗਰਸ ਦੇ ਉਮੀਦਵਾਰ ਬਣ ਗਏ। ਪਟਿਆਲਾ ‘ਚ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਅਤੇ ‘ਆਪ’ ਉਮੀਦਵਾਰ ਬਲਬੀਰ ਸਿੰਘ ਇਕ-ਦੂਜੇ ਦਾ ਵਿਰੋਧ ਕਰ ਰਹੇ ਹਨ, ਜਦਕਿ ਪਟਿਆਲਾ ਤੋਂ ਦਸ ਕਿਲੋਮੀਟਰ ਦੂਰ ਕੁਰੂਕਸ਼ੇਤਰ ‘ਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਇੱਕੋ ਮੰਚ ‘ਤੇ ਆਮ ਆਦਮੀ ਪਾਰਟੀ ਲਈ ਵੋਟ ਮੰਗ ਰਹੇ ਹਨ।
ਧਰਮਵੀਰ ਗਾਂਧੀ ਜਿਸ ਪਾਰਟੀ ਵਿਚ ਹਨ, ਉਸ ਪਾਰਟੀ ਦਾ ਦੋਗਲਾ ਕਿਰਦਾਰ ਸਭ ਦੇ ਸਾਹਮਣੇ ਆ ਗਿਆ ਹੈ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਧਰਮਵੀਰ ਗਾਂਧੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇੰਡੀਆ ਗਠਜੋੜ ਦਾ ਹਿੱਸਾ ਹਨ ਜਾਂ ਇਸ ਤੋਂ ਵੱਖ ਹੋ ਕੇ ਚੋਣ ਲੜ ਰਹੇ ਹਨ। ਉਨ੍ਹਾਂ ਗਾਂਧੀ ’ਤੇ ਪਟਿਆਲਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੋਟਾਂ ਮੰਗਣ ਤੋਂ ਪਹਿਲਾਂ ਆਪਣੀ ਸਥਿਤੀ ਸਪੱਸ਼ਟ ਕਰਨ। ਇਸ ਮੌਕੇ ਬੋਲਦਿਆਂ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਐਨ.ਕੇ ਸ਼ਰਮਾ ਨੂੰ ਜਿਤਾਉਣ ਲਈ ਜਿੱਥੇ ਸਮੁੱਚਾ ਅਕਾਲੀ ਦਲ ਇੱਕਜੁੱਟ ਹੈ, ਉੱਥੇ ਅੱਜ ਭਾਜਪਾ, ਆਪ ਅਤੇ ਕਾਂਗਰਸ ਆਪਸ ਵਿੱਚ ਵੰਡੀਆਂ ਪਈਆਂ ਹਨ। ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆਪਣੇ ਹੀ ਭਾਰ ਹੇਠ ਇਹ ਚੋਣ ਹਾਰ ਜਾਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਨਰੰਜਣ ਸਿੰਘ ਅਲੀਪੁਰ ਸਰਕਲ ਪ੍ਰਧਾਨ, ਦਲਬੀਰ ਸਿੰਘ ਅਲੀਪੁਰ, ਦਰਸ਼ਨ ਸਿੰਘ ਅਲੀਪੁਰ ਜੱਟਾਂ, ਜਰਨੈਲ ਸਿੰਘ ਅਲੀਪੁਰ ਜੱਟਾਂ, ਕੁਲਦੀਪ ਸਿੰਘ ਹਰਪਾਲਪੁਰ, ਅਮਰਜੀਤ ਸਿੰਘ ਨੌਗਾਵਾਂ, ਲਖਵਿੰਦਰ ਸਿੰਘ ਨੌਗਾਵਾਂ, ਗੁਰਮਿੰਦਰਜੀਤ ਸਿੰਘ ਲਾਡੀ,ਗੁਰਦੇਵ ਸਿੰਘ ਨੌਗਾਵਾਂ,ਜਗਤਾਰ ਸਿੰਘ ਨੌਗਾਵਾਂ, ਰਘਬੀਰ ਸਿੰਘ ਨੌਗਾਵਾਂ, ਲਖਵੀਰ ਸਿੰਘ ਨੌਗਾਵਾਂ, ਸੋਮਨਾਥ, ਮਹਿੰਦਰ ਸ਼ਰਮਾ, ਗੁਰਦਰਸ਼ਨ ਸਿੰਘ ਗਾਂਧੀ, ਦਵਿੰਦਰ ਸਿੰਘ ਬਬਲੀ ਨਨਾਨਸੂ , ਜਗਦੇਵ ਸਿੰਘ ਪਹਾੜੀਪੁਰ, ਕਰਮਜੀਤ ਸਿੰਘ, ਹਰੀ ਸਿੰਘ, ਅਮਰ ਸਿੰਘ ਪੰਜੋਲਾ ਅਤੇ ਲਾਡੀ ਪਹਾੜੀਪੁਰ ਮੌਜੂਦ ਸਨ।