ਲੁਧਿਆਣਾ, 5 ਮਈ 2024 – ਲੁਧਿਆਣਾ ‘ਚ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਹ ਵੀਡੀਓ ਦਰੇਸੀ ਮੈਦਾਨ ਨੇੜੇ ਇੱਕ ਸਕੂਲ ਵਿੱਚ ਕਰਵਾਏ ਬਾਬਾ ਖਾਟੂ ਸ਼ਿਆਮ ਦੇ ਜਾਗਰਣ ਦੀ ਹੈ। ਜਾਗਰਣ ਵਿੱਚ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਭਜਨ ਗਾਇਆ। ਇਸ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਦੂਜੇ ਨੂੰ ਜੱਫੀ ਪਾਈ।
ਕਨ੍ਹਈਆ ਮਿੱਤਲ ਨੇ ਜਾਗਰਣ ਦੇ ਮੰਚ ਤੋਂ ਸਾਫ਼ ਕਿਹਾ ਕਿ ਉਹ ਕਿਸੇ ਵੀ ਆਗੂ ਦੇ ਹੱਕ ਵਿੱਚ ਕੋਈ ਭਜਨ ਨਹੀਂ ਗਾ ਰਿਹਾ। ਉਨ੍ਹਾਂ ਲਈ ਚੋਣਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰ ਬਰਾਬਰ ਹਨ। ਕਨ੍ਹਈਆ ਮਿੱਤਲ ਨੇ ਸੰਗਤ ਜਾਗਰਣ ਵਿੱਚ ਮੋਦੀ ਦੇ ਨਾਅਰੇ ਲਾਉਣ ਵਾਲਿਆਂ ਨੂੰ ਵੀ ਰੋਕਿਆ ਅਤੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਮੋਦੀ ਦੇ ਨਾਅਰੇ ਨਾ ਲਾਉਣ। ਰਾਮ ਦਾ ਨਾਮ ਜਪਿਆ ਕਰੋ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਕਈ ਚਰਚਾਵਾਂ ਛਿੜ ਗਈਆਂ ਹਨ। ਦੋਵੇਂ ਆਗੂ ਲੋਕ ਸਭਾ ਚੋਣਾਂ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ। ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਵਿੱਚ ਗੱਦਾਰ ਵੀ ਕਿਹਾ ਕਿਉਂਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਬਿੱਟੂ 10 ਸਾਲਾਂ ਤੋਂ ਲੁਧਿਆਣਾ ਤੋਂ ਕਾਂਗਰਸ ਵੱਲੋਂ ਸੰਸਦ ਮੈਂਬਰ ਰਹੇ ਹਨ।