- ਬਾਈਕ ‘ਤੇ ਮਹਿਤਾ ਜਾ ਰਹੇ ਪਿਓ-ਪੁੱਤ ਤੇ ਦਾਦੀ
- ਧੂੰਏਂ ਕਾਰਨ ਵਾਪਰਿਆ ਸੜਕ ਹਾਦਸਾ
ਗੁਰਦਾਸਪੁਰ, 5 ਮਈ 2024 – ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਸੁਖੀ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੀ ਮੁੱਖ ਸੜਕ ’ਤੇ ਵਾਹਨਾਂ ਦੀ ਟੱਕਰ ਹੋ ਗਈ, ਜਿਸ ਵਿੱਚ ਪਿਓ-ਪੁੱਤ ਤੇ ਦਾਦੀ ਦੀ ਮੌਤ ਹੋ ਗਈ।
ਮ੍ਰਿਤਕ ਪਿੰਡ ਕੋਟਲਾ, ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਸਨ, ਜੋ ਮੋਟਰਸਾਈਕਲ ’ਤੇ ਮਹਿਤਾ ਸ਼ਹਿਰ ਜਾ ਰਹੇ ਸੀ। ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਚਲਾ ਰਿਹਾ ਸੀ, ਪਿੱਛੇ ਉਸ ਦੀ ਮਾਤਾ ਬਲਬੀਰ ਕੌਰ ਅਤੇ ਉਸ ਦਾ ਤਿੰਨ ਸਾਲਾ ਪੁੱਤਰ ਅਰਮਾਨਦੀਪ ਸਿੰਘ ਬੈਠਾ ਸੀ।
ਰਸਤੇ ਵਿੱਚ ਇੱਕ ਕਿਸਾਨ ਵੱਲੋਂ ਸੜਕ ਕਿਨਾਰੇ ਆਪਣੇ ਕਣਕ ਦੀ ਨਾੜ ਦੇ ਖੇਤ ਨੂੰ ਅੱਗ ਲਾਉਣ ਕਾਰਨ ਧੂੰਆਂ ਫੈਲਿਆ ਹੋਇਆ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਮਹਿਤਾ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਾਹਨ ਨੂੰ ਟੱਕਰ ਮਾਰਨ ਵਾਲੇ ਦੂਜੇ ਵਾਹਨ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਅਤੇ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਪਤੀ ਦੀ ਥਾਂ ਸਰਕਾਰੀ ਨੌਕਰੀ ਦਿੱਤੀ ਜਾਵੇ।