ਚੰਡੀਗੜ੍ਹ, 9 ਮਈ 2024 – ਹਰਿਆਣਾ ਦੇ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਜਲੇਬੀ ਬਾਬਾ ਦੇ ਨਾਮ ਨਾਲ ਮਸ਼ਹੂਰ ਕੈਦੀ ਬਿੱਲੂ ਰਾਮ ਉਰਫ਼ ਅਮਰਪੁਰੀ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਪੁਲਸ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ। ਉਥੇ ਡਾਕਟਰ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ ਬਾਬਾ ਕਈ ਦਿਨਾਂ ਤੋਂ ਜੇਲ੍ਹ ਵਿੱਚ ਬਿਮਾਰ ਸੀ। ਜਦੋਂ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਲਿਆਂਦਾ ਗਿਆ ਤਾਂ ਉਸ ਦੀ ਸਿਹਤ ਵਿਚ ਸੁਧਾਰ ਹੋਇਆ। ਇਸ ਤੋਂ ਬਾਅਦ ਉਸ ਨੂੰ ਵਾਪਸ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਪਰ, ਬੈਰਕ ਵਿਚ ਉਸ ਦੀ ਸਿਹਤ ਦੁਬਾਰਾ ਵਿਗੜ ਗਈ ਅਤੇ ਜਦੋਂ ਉਸ ਨੂੰ ਦੁਬਾਰਾ ਅਗਰੋਹਾ ਮੈਡੀਕਲ ਕਾਲਜ ਲਿਆਂਦਾ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਜ਼ਾਦ ਨਗਰ ਥਾਣਾ ਪੁਲਸ ਨੇ ਬੁੱਧਵਾਰ ਨੂੰ ਮੈਜਿਸਟ੍ਰੇਟ ਦੀ ਮੌਜੂਦਗੀ ‘ਚ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ।
ਜਲੇਬੀ ਬਾਬਾ ਬਲਾਤਕਾਰ ਅਤੇ ਆਈਟੀ ਐਕਟ ਤਹਿਤ 14 ਸਾਲ ਦੀ ਸਜ਼ਾ ਕੱਟ ਰਿਹਾ ਸੀ। ਫਤਿਹਾਬਾਦ ਦੇ ਟੋਹਾਣਾ ਦੇ ਰਹਿਣ ਵਾਲੇ ਬਿੱਲੂ ਰਾਮ ‘ਤੇ 120 ਔਰਤਾਂ ਨੂੰ ਨਸ਼ੇ ਵਾਲੀ ਚਾਹ ਪਿਲਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਉਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਫਿਰ ਮਾਮਲਾ ਜਨਤਕ ਹੋ ਗਿਆ ਅਤੇ ਅਦਾਲਤ ਨੇ ਬਾਬੇ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ।