ਨਵੀਂ ਦਿੱਲੀ, 10 ਮਈ 2024 – ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕੰਟੇਨਰ ਜਹਾਜ਼ MCS Aries ਤੋਂ ਪੰਜ ਭਾਰਤੀਆਂ ਨੂੰ ਰਿਹਾਅ ਕੀਤਾ ਹੈ। ਵੀਰਵਾਰ 9 ਅਪ੍ਰੈਲ ਨੂੰ ਈਰਾਨ ਸਥਿਤ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਪੰਜ ਲੋਕ ਭਾਰਤ ਲਈ ਰਵਾਨਾ ਹੋ ਗਏ ਹਨ। ਅਸੀਂ ਬੰਦਰ ਅੱਬਾਸ ਵਿੱਚ ਦੂਤਾਵਾਸ ਅਤੇ ਭਾਰਤੀ ਵਣਜ ਦੂਤਘਰ ਦੇ ਨਾਲ ਸਹਿਯੋਗ ਲਈ ਈਰਾਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ।
ਇਸ ਤੋਂ ਪਹਿਲਾਂ, ਕੈਡੇਟ ਐਨ ਟੇਸਾ ਜੋਸੇਫ, 17 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕਲੌਤੀ ਔਰਤ, ਨੂੰ 18 ਅਪ੍ਰੈਲ ਨੂੰ ਰਿਹਾਅ ਕੀਤਾ ਗਿਆ ਸੀ। ਉਹ ਉਸੇ ਦਿਨ ਭਾਰਤ ਵਾਪਸ ਆ ਗਈ ਸੀ। ਜਿੱਥੇ ਕੇਰਲ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੇਤਰੀ ਪਾਸਪੋਰਟ ਅਧਿਕਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਪੰਜ ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਰਿਹਾਈ ਤੋਂ ਬਾਅਦ, ਹੁਣ ਜਹਾਜ਼ ਵਿੱਚ 11 ਹੋਰ ਭਾਰਤੀ ਬਚੇ ਹਨ।
ਦਰਅਸਲ, ਇਜ਼ਰਾਈਲ ‘ਤੇ ਹਮਲੇ ਤੋਂ ਪਹਿਲਾਂ ਈਰਾਨ ਨੇ ਓਮਾਨ ਦੀ ਖਾੜੀ ਦੇ ਹੋਰਮੁਜ਼ ਦੱਰੇ ਤੋਂ ਭਾਰਤ ਆ ਰਹੇ ਪੁਰਤਗਾਲੀ ਝੰਡੇ ਵਾਲੇ ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਇਹ ਜਾਣਕਾਰੀ 13 ਅਪ੍ਰੈਲ ਨੂੰ ਦਿੱਤੀ ਗਈ। ਇਸ ‘ਤੇ ਚਾਲਕ ਦਲ ਦੇ 25 ਮੈਂਬਰ ਮੌਜੂਦ ਸਨ, ਜਿਨ੍ਹਾਂ ‘ਚੋਂ 17 ਭਾਰਤੀ ਅਤੇ ਦੋ ਪਾਕਿਸਤਾਨੀ ਸਨ। ਜਹਾਜ਼ ਵਿਚ 11 ਭਾਰਤੀ ਅਜੇ ਵੀ ਸਵਾਰ ਹਨ। ਇਹ ਜਹਾਜ਼ ਇਕ ਇਜ਼ਰਾਈਲੀ ਅਰਬਪਤੀ ਦਾ ਸੀ ਅਤੇ ਭਾਰਤ ਆ ਰਿਹਾ ਸੀ।