ਖੰਨਾ, 11 ਮਈ 2024 – ਸ਼ੁੱਕਰਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਸੋਨੀ (35) ਵਾਸੀ ਰਸੂਲੜਾ ਵਜੋਂ ਹੋਈ ਹੈ। ਕੁਲਵਿੰਦਰ ‘ਤੇ 2 ਮਈ ਨੂੰ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਦੋਸ਼ ਹਨ ਕਿ ਹਮਲਾਵਰ ਮ੍ਰਿਤਕ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਜਿਸ ਦੇ ਡਰੋਂ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਕੁਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦਾ ਐਮਐਲਆਰ ਕੱਟਿਆ ਗਿਆ ਸੀ। ਥਾਣਾ ਸਦਰ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ। ਪਰ ਇਸ ਦੇ ਬਾਵਜੂਦ ਕੁਲਵਿੰਦਰ ਸਿੰਘ ‘ਤੇ ਹਮਲਾ ਕਰਨ ਵਾਲੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸੇ ਡਰ ਕਾਰਨ ਉਹ ਸਿਵਲ ਹਸਪਤਾਲ ਦੇ ਮੇਲ ਵਾਰਡ ਵਿੱਚ ਬਾਥਰੂਮ ਵਿੱਚ ਗਿਆ, ਦਰਵਾਜ਼ਾ ਬੰਦ ਕਰ ਕੇ ਖਿੜਕੀ ਤੋਂ ਛਾਲ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਰਹੀ ਹੈ। 2 ਮਈ ਨੂੰ ਜਦੋਂ ਕੁਲਵਿੰਦਰ ਪਿੰਡ ਦੀ ਇਕ ਦੁਕਾਨ ‘ਤੇ ਗਿਆ ਸੀ ਤਾਂ ਉਸੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬਿਨਾਂ ਕਿਸੇ ਕਾਰਨ ਉਸ ਨਾਲ ਦੁਰਵਿਵਹਾਰ ਕੀਤਾ। ਜਦੋਂ ਕੁਲਵਿੰਦਰ ਨੇ ਉਸ ਨੂੰ ਰੋਕਿਆ ਤਾਂ ਉਸ ‘ਤੇ ਗੁੱਸੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੇ ਹੱਥ ‘ਤੇ ਕਈ ਟਾਂਕੇ ਲੱਗੇ ਸਨ। ਉਹ ਪੁਲੀਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਸਨ। ਮ੍ਰਿਤਕ ਦੀ ਭੈਣ ਅਤੇ ਭਰਜਾਈ ਅਨੁਸਾਰ ਸਿਵਲ ਹਸਪਤਾਲ ਵਿੱਚ ਕੁਲਵਿੰਦਰ ਸਿੰਘ ਦੇ ਵਾਰਡ ਵਿੱਚ ਦੋ-ਤਿੰਨ ਦਿਨਾਂ ਤੋਂ ਕੁਝ ਨਸ਼ੇੜੀ ਘੁੰਮ ਰਹੇ ਸਨ। ਇਸ ਦੌਰਾਨ ਮੁਲਜ਼ਮ ਕੁਲਵਿੰਦਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਡਰ ਦੇ ਮਾਰੇ ਕੁਲਵਿੰਦਰ ਨੇ ਇਹ ਕਦਮ ਚੁੱਕਿਆ। ਉਹ ਇਨਸਾਫ ਚਾਹੁੰਦੇ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਜਾਂਚ ਲਈ ਪਹੁੰਚੇ ਖੰਨਾ ਪੁਲਿਸ ਥਾਣਾ ਸਿਟੀ-2 ਦੇ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।