ਨਵੀਂ ਦਿੱਲੀ, 12 ਮਈ 2024 – ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਨੇ ਰੂਸ ਤੋਂ ਤੇਲ ਇਸ ਲਈ ਖਰੀਦਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕੋਈ ਉਨ੍ਹਾਂ ਦਾ ਤੇਲ ਖਰੀਦੇ। ਇਹ ਸਾਡੀ ਨੀਤੀ ਦਾ ਡਿਜ਼ਾਈਨ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਤੇਲ ਦੀਆਂ ਕੀਮਤਾਂ ਵਧਣ। ਦਰਅਸਲ ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਕਾਰਨ ਯੂਰਪ ਦੇ ਕਈ ਦੇਸ਼ਾਂ ਨੂੰ ਗੈਸ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ। ਅਜਿਹੇ ‘ਚ ਕਈ ਪੱਛਮੀ ਦੇਸ਼ਾਂ ਨੇ ਭਾਰਤ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਦੇ ਨਾਲ ਹੀ ਭਾਰਤ ਆਪਣੇ ਬਚਾਅ ‘ਚ ਕਹਿੰਦਾ ਰਿਹਾ ਹੈ ਕਿ ਇਹ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਕਿਸ ਤੋਂ ਤੇਲ ਖਰੀਦੇਗਾ ਅਤੇ ਕਿਸ ਤੋਂ ਨਹੀਂ। ਉਹ ਕਿਸੇ ਦੇ ਦਬਾਅ ਹੇਠ ਨਹੀਂ ਆਵੇਗਾ। ਇਸ ਦੌਰਾਨ ਗਾਰਸੇਟੀ ਨੇ ਕਿਹਾ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦ ਕੇ ਕਿਸੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ।
ਇਸ ਦੇ ਨਾਲ ਹੀ ਕੱਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਾਡੇ ‘ਤੇ ਰੂਸ ਤੋਂ ਤੇਲ ਦੀ ਦਰਾਮਦ ਨਾ ਕਰਨ ਲਈ ਦਬਾਅ ਪਾਇਆ ਗਿਆ ਸੀ। ਜੈਸ਼ੰਕਰ ਨੇ ਕਿਹਾ ਸੀ, ‘ਸੋਚੋ ਜੇਕਰ ਅਸੀਂ ਦਬਾਅ ਅੱਗੇ ਝੁਕ ਕੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੁੰਦਾ ਤਾਂ ਲੋਕਾਂ ਲਈ ਪੈਟਰੋਲ ਦੀ ਕੀਮਤ ਕਿੰਨੀ ਵਧ ਜਾਂਦੀ, ਪੈਟਰੋਲ ਘੱਟੋ-ਘੱਟ 20 ਰੁਪਏ ਮਹਿੰਗਾ ਹੋ ਜਾਂਦਾ।