- ਪਰਿਵਾਰ ਵਾਲਿਆਂ ਨੂੰ ਨਹੀਂ ਕਿਸੇ ’ਤੇ ਸ਼ੱਕ
- ਪੁਲੀਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਤਰਨਤਾਰਨ, 12 ਮਈ 2024 – ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਥਾਣਾ ਖਾਲੜਾ ਦੇ ਭੈਣੀ ਮੱਸਾ ਸਿੰਘ ਪਿੰਡ ਦੀਆ 3 ਨਾਬਾਲਿਗ ਲੜਕੀਆਂ ਜੋ ਕਿ ਪਿੰਡ ਦੇ ਹੀ ਸਰਕਾਰੀ ਮਿਡਲ ਸਕੂਲ ਵਿਚ ਪੜ੍ਹਦੀਆਂ ਸਨ, ਬੀਤੇ ਦਿਨੀ 9 ਮਈ ਨੂੰ ਸਕੂਲ ਵਿਚੋਂ ਛੁੱਟੀ ਲੈਣ ਤੋਂ ਬਾਅਦ ਘਰ ਨਹੀਂ ਪਹੁੰਚੀਆਂ।
ਇਸ ਸੰਬੰਧੀ ਸੁਖਦੇਵ ਸਿੰਘ ਨੇ ਥਾਣਾ ਖਾਲੜਾ ਦੀ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਬੀਤੇ 09.05.24 ਨੂੰ ਉਸਦੀ ਲੜਕੀ ਗੀਤਾ ਕੌਰ ਜਿਸ ਦੀ ਉਮਰ 13 ਸਾਲ ਅਤੇ ਜਸਮੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ ਕਰੀਬ 12 ਸਾਲ ਅਤੇ ਥੋਵੀ ਪੁੱਤਰੀ ਜਤਿੰਦਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ 13 ਸਾਲ ਜੋ ਤਿੰਨੋ ਲੜਕੀਆ ਸਰਕਾਰੀ ਮਿਡਲ ਸਕੂਲ ਭੈਣੀ ਮੱਸਾ ਸਿੰਘ ਵਿਚ ਇੱਕਠੀਆ ਪੜ੍ਹਦੀਆਂ ਹਨ ਅਤੇ ਤਿੰਨਾ ਲੜਕੀਆਂ ਨੇ ਕਰੀਬ 12:30 ਵਜੇ ਸਕੂਲ ਵਿਚੋਂ ਮਾਸਟਰ ਹਰਭਜਨ ਸਿੰਘ ਨੂੰ ਜ਼ਰੂਰੀ ਕੰਮ ਅਰਜੀ ਦੇ ਕੇ ਸਕੂਲ ਵਿੱਚੋਂ ਚਲੀਆਂ ਗਈਆ ਹਨ, ਜੋ ਘਰ ਨਹੀਂ ਪਹੁੰਚੀਆ ਅਤੇ ਜਿਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਨਹੀ ਮਿਲੀਆਂ।
ਬੱਚੀਆ ਦੇ ਮਾਪਿਆਂ ਨੇ ਕਿਹਾ ਕਿ ਛੁੱਟੀ ਲੈਣ ਸਮੇਂ ਦਿੱਤੀ ਅਰਜ਼ੀਆਂ ਵਿਚੋਂ 2 ਅਰਜ਼ੀਆਂ ਇੱਕੋ ਹੀ ਲੜਕੀ ਵਲੋਂ ਲਿਖੀਆਂ ਗਈਆਂ ਹਨ ਜਦ ਕਿ ਇਕ ਲੜਕੀ ਵਲੋਂ ਵੱਖਰੀ ਅਰਜ਼ੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕੋਲ ਕੋਈ ਫ਼ੋਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਉੱਪਰ ਸ਼ੱਕ ਹੈ ਕਿ ਅਜਿਹੀ ਘਟਨਾ ਕੋਲ ਕਰ ਸਕਦਾ ਹੈ।
ਇਸ ਸੰਬੰਧੀ ਜਦ ਥਾਣਾ ਖਾਲੜਾ ਦੇ ਐੱਸਐੱਚਓ ਵਿਨੋਦ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਥਾਣੇ ਵਿਚ ਮੌਜੂਦ ਨਹੀਂ ਸਨ, ਉਨ੍ਹਾਂ ਮੋਬਾਈਲ ਫੋਨ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲੀਸ ਨਾ-ਮਾਲੂਮ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕਰ ਲਿਆ ਹੈ ਅਤੇ ਸਕੂਲ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੱਕ ਦੇ ਅਧਾਰ ਤੇ ਕੁਝ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ, ਪਰ ਅਜੇ ਕੋਈ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲੀਸ ਵਲੋਂ ਇਹ ਮਾਮਲਾ ਸੁਲਝਾ ਲਿਆ ਜਾਵੇਗਾ।