- ਕਿਹਾ- ਵਿਰੋਧ ਦੀ ਬਜਾਏ ਚੋਣ ਲੜੋ, ਸੜਕਾਂ ‘ਤੇ ਖੜ੍ਹੇ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ
ਫਿਰੋਜ਼ਪੁਰ, 15 ਮਈ 2024 – ਭਾਜਪਾ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੇ ਕਿਸਾਨਾਂ ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਾਜਪਾ ਦਾ ਵਿਰੋਧ ਕਰਨ ਦੀ ਬਜਾਏ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੋਣਾਂ ਹੋ ਰਹੀਆਂ ਹਨ। ਅਜਿਹੇ ਮਾਮਲੇ ਚੋਣਾਂ ਤੋਂ ਬਾਅਦ ਹੱਲ ਹੋ ਸਕਦੇ ਹਨ। ਫਿਲਹਾਲ ਸੜਕ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਅਤੇ ਸੜਕ ਜਾਮ ਕਰਨ ਨਾਲ ਇਹ ਮਸਲੇ ਹੱਲ ਨਹੀਂ ਹੋਣਗੇ।
ਫਾਜ਼ਿਲਕਾ ਦੇ ਅਬੋਹਰ ਰੋਡ ‘ਤੇ ਇਕ ਨਿੱਜੀ ਪੈਲੇਸ ‘ਚ ਬੋਲਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕਿਸਾਨਾਂ ਦੇ ਜੋ ਵੀ ਮਸਲੇ ਜਾਂ ਮੰਗਾਂ ਹਨ, ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਚੰਡੀਗੜ੍ਹ ‘ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ, ਜੇਕਰ ਕੋਈ ਮੁੱਦਾ ਰਹਿ ਗਿਆ ਹੈ ਤਾਂ ਉਸ ਨੂੰ ਚੋਣਾਂ ਤੋਂ ਬਾਅਦ ਹੱਲ ਕਰ ਲਿਆ ਜਾਵੇਗਾ।
ਰਾਣਾ ਸੋਢੀ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਕਾਰਨ ਆਮ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਕਿਸਾਨ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ ਤਾਂ ਦੇਸ਼ ਵਿੱਚ ਲੋਕਤੰਤਰ ਪ੍ਰਣਾਲੀ ਹੈ। ਜੇਕਰ ਕਿਸਾਨ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨਾਲ ਸਹਿਮਤ ਨਹੀਂ ਤਾਂ ਕਿਸਾਨ ਖੁਦ ਚੋਣ ਲੜ ਸਕਦੇ ਹਨ।
ਪੰਜਾਬ ਦੀਆਂ 13 ਸੀਟਾਂ ‘ਤੇ ਕਿਸਾਨ ਜਥੇਬੰਦੀਆਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੀਆਂ ਹਨ। ਇਨ੍ਹਾਂ ਵਿੱਚ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ, ਫਰੀਦਕੋਟ ਤੋਂ ਹੰਸਰਾਜ ਹੰਸ, ਅੰਮ੍ਰਿਤਸਰ ਤੋਂ ਤਰਨਜੀਤ ਸੰਧੂ, ਬਠਿੰਡਾ ਤੋਂ ਪਰਮਜੀਤ ਕੌਰ ਸਿੱਧੂ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਪ੍ਰਮੁੱਖ ਹਨ। ਪਰਨੀਤ ਕੌਰ ਦੇ ਵਿਰੋਧ ਦੌਰਾਨ ਪਟਿਆਲਾ ਵਿੱਚ ਇੱਕ ਕਿਸਾਨ ਸੁਰਿੰਦਰ ਪਾਲ ਦੀ ਵੀ ਮੌਤ ਹੋ ਗਈ।