- ਵੋਟਰਾਂ ਕੋਲੋਂ ਵੋਟ ਮੰਗਣ ਤੋਂ ਪਹਿਲਾਂ ਉਹ ਇਹ ਸਪੱਸ਼ਟ ਕਰਨ ਕਿ ਨਤੀਜਿਆਂ ਤੋਂ ਬਾਅਦ ਕਿਸ ਨਾਲ ਖੜਨਗੇ
ਬਠਿੰਡਾ, 15 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ‘ਤੇ ਵੱਡਾ ਸਿਆਸੀ ਹਮਲਾ ਬੋਲਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ “ਵੋਟ ਮੰਗਣ ਤੋਂ ਪਹਿਲਾਂ ਬੀਬਾ ਬਾਦਲ ਵੋਟਰਾਂ ਨੂੰ ਇਸ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਚੋਣਾਂ ਤੋਂ ਬਾਅਦ ਭਾਜਪਾ ਜਾਂ ਇੰਡੀਆ ਗਠਜੋੜ ਵਿੱਚੋਂ ਕਿਸ ਦੇ ਨਾਲ ਖੜਨਗੇ।” ਅੱਜ ਭੁੱਚੋ ਮੰਡੀ ਵਿਧਾਨ ਸਭਾ ਹਲਕੇ ਦੇ ਗੋਨਿਆਣਾ ਬਲਾਕ ਦੇ ਪਿੰਡਾਂ ਦਾ ਤੂਫਾਨੀ ਚੋਣ ਦੌਰਾ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅੰਦਰ ਖਾਂਦੇ ਖਾਤੇ ਇੱਕਜੁੱਟ ਹਨ ਅਤੇ ਚੋਣਾ ਤੋਂ ਬਾਅਦ ਦੋਨੋਂ ਮੁੜ ਜੱਫੀਆਂ ਪਾਉਂਦੇ ਦਿਖਾਈ ਦੇਣਗੇ।
ਕਾਂਗਰਸੀ ਉਮੀਦਵਾਰ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਦੇ ਖਾਤੇ ਵਿੱਚ ਜਾਵੇਗੀ। ਜਿਸ ਦੇ ਚਲਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਹੋਣ ਲਈ ਮਜਬੂਰ ਕਰਨ ਵਾਲੀ ਭਾਜਪਾ ਦੀ ਥਾਂ ‘ਤੇ ਵੋਟਰ ਕਿਸਾਨਾਂ ਦੀ ਹਿਤੈਸ਼ੀ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ।
ਉਹਨਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਦ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਹੇਠ ਸਰਕਾਰ ਸੀ ਤਾਂ ਦੇਸ਼ ਭਰ ਵਿੱਚ ਕਿਸਾਨਾਂ ਦੇ ਕਰਜ਼ ਮਾਫ਼ ਕੀਤੇ ਗਏ। ਇਸੇ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਰਕਾਰੀ ਕਰਜ਼ਿਆਂ ‘ਤੇ ਲੀਕ ਮਾਰੀ ਗਈ ਤੇ ਦੂਜੇ ਪਾਸੇ ਮੋਦੀ ਸਰਕਾਰ ਨੇ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਕਰੋੜਾਂ ਰੁਪਈਆਂ ਨੂੰ ਮਾਫ ਕਰ ਦਿੱਤਾ ਹੈ ਪਰੰਤੂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਬਣਦੇ ਭਾਅ ਦੇਣ ਤੋ ਵੀ ਭੱਜ ਰਹੀ ਹੈ। ਬਠਿੰਡਾ ਲੋਕ ਸਭਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਕਿਸੇ ਇੱਕ ਖੇਤਰ ਦੇ ਵਿਕਾਸ ਨੂੰ ਪੂਰੇ ਹਲਕੇ ਦਾ ਵਿਕਾਸ ਨਹੀਂ ਕਿਹਾ ਜਾ ਸਕਦਾ।
ਅੱਜ ਵੀ ਬਠਿੰਡਾ ਲੋਕ ਸਭਾ ਹਲਕਾ ਦੇ ਪਿੰਡਾਂ ਦਾ ਬੁਰਾ ਹਾਲ ਹੈ। ਉਹਨਾਂ ਵੋਟਰਾਂ ਨੂੰ ਭਰੋਸਾ ਦਵਾਇਆ ਕਿ ਇੱਕ ਵਾਰ ਉਹ ਕਾਂਗਰਸ ਪਾਰਟੀ ‘ਤੇ ਵਿਸ਼ਵਾਸ ਕਰਦੇ ਹੋਏ ਉਹਨਾਂ ਦਾ ਸਮਰਥਨ ਕਰਨ ਤੇ ਉਹ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੰਸਦ ਤੱਕ ਲੈ ਕੇ ਜਾਣਗੇ ਅਤੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਵੋਟਰਾਂ ਨੇ ਕਾਂਗਰਸ ਉਮੀਦਵਾਰ ਨੂੰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਕਾਂਗਰਸੀ ਉਮੀਦਵਾਰ ਨਾਲ ਹਲਕੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਰਹੇ।