ਗੁਹਾਟੀ, 16 ਮਈ 2024 – ਬੁੱਧਵਾਰ (15 ਮਈ) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2024 ਸੀਜ਼ਨ ਵਿੱਚ ਇੱਕ ਸ਼ਾਨਦਾਰ ਮੈਚ ਖੇਡਿਆ ਗਿਆ, ਜਿਸ ਵਿੱਚ ਪੰਜਾਬ ਕਿੰਗਜ਼ (PBKS) ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਪੰਜਾਬ ਨੇ ਰਾਜਸਥਾਨ ਰਾਇਲਜ਼ (ਆਰਆਰ) ਨੂੰ ਕਰਾਰੀ ਹਾਰ ਦਿੱਤੀ। ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਟੀਮ ਦੀ ਇਹ ਲਗਾਤਾਰ ਚੌਥੀ ਹਾਰ ਹੈ। ਹਾਲਾਂਕਿ ਇਹ ਟੀਮ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਰਾਜਸਥਾਨ ਦੀ ਟੀਮ ਦੇ 13 ਮੈਚਾਂ ਵਿੱਚ 16 ਅੰਕ ਹਨ। ਉਸਦਾ ਆਖਰੀ ਮੈਚ 19 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਵੇਗਾ।
ਦੂਜੇ ਪਾਸੇ ਪੰਜਾਬ ਕਿੰਗਜ਼ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਉਸ ਦੇ 13 ਮੈਚਾਂ ‘ਚ 5 ਜਿੱਤਾਂ ਨਾਲ ਸਿਰਫ 10 ਅੰਕ ਹਨ। ਇਸ ਸੀਜ਼ਨ ਵਿੱਚ ਰਾਜਸਥਾਨ ਅਤੇ ਪੰਜਾਬ ਵਿਚਾਲੇ ਇਹ ਦੂਜਾ ਮੁਕਾਬਲਾ ਸੀ। ਇਸ ਤੋਂ ਪਹਿਲਾਂ ਦੋਵੇਂ 13 ਅਪ੍ਰੈਲ ਨੂੰ ਮੁੱਲਾਂਪੁਰ ‘ਚ ਖੇਡੇ ਸਨ, ਜਿਸ ‘ਚ ਰਾਜਸਥਾਨ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਤਰ੍ਹਾਂ ਪੰਜਾਬ ਨੇ ਇਹ ਮੈਚ ਜਿੱਤ ਕੇ ਆਪਣਾ ਬਦਲਾ ਪੂਰਾ ਕਰ ਲਿਆ ਹੈ।
ਗੁਹਾਟੀ ‘ਚ ਹੋਏ ਇਸ ਮੈਚ ‘ਚ ਰਾਜਸਥਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 145 ਦੌੜਾਂ ਦਾ ਟੀਚਾ ਰੱਖਿਆ। ਜਵਾਬ ‘ਚ ਪੰਜਾਬ ਨੇ 18.5 ਓਵਰਾਂ ‘ਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਦੀ ਕਪਤਾਨੀ ਕਰ ਰਹੇ ਸੈਮ ਕੁਰਾਨ ਨੇ 41 ਗੇਂਦਾਂ ‘ਤੇ 63 ਨਾਬਾਦ ਦੌੜਾਂ ਦੀ ਤੂਫਾਨੀ ਪਾਰੀ ਖੇਡੀ।