ਚੰਡੀਗੜ੍ਹ, 17 ਮਈ 2024 – ਪੰਜਾਬ ‘ਚ ਗਰਮੀ ਆਪਣੇ ਰੰਗ ਦਿਖਾਉਣ ਲੱਗ ਗਈ ਹੈ। ਸ਼ਹਿਰਾਂ ਦਾ ਤਾਪਮਾਨ 42 ਤੋਂ 44 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਹਾਲਾਤ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਸ਼ਨੀਵਾਰ ਤੋਂ ਇਹ ਚੇਤਾਵਨੀ ਆਰੇਂਜ ਵਿੱਚ ਬਦਲ ਜਾਵੇਗੀ। ਭਲਕੇ ਲਈ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ ਹੀਟ ਵੇਵ ਪਾਰੇ ਨੂੰ ਹੋਰ ਵਧਾ ਦੇਵੇਗੀ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ ਸੀ। ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ। ਅੱਜ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 43-44 ਡਿਗਰੀ ਨੂੰ ਛੂਹ ਜਾਣ ਦਾ ਅਨੁਮਾਨ ਹੈ। ਮਾਯੂਸ ਵਿਭਾਗ ਅਨੁਸਾਰ ਸ਼ਹਿਰਾਂ ‘ਚ ਸ਼ਨੀਵਾਰ ਅਤੇ ਮੰਗਲਵਾਰ ਦਰਮਿਆਨ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ।
ਵਧਦੀ ਗਰਮੀ ਦੇ ਵਿਚਕਾਰ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਵੀ ਕੀਤਾ ਗਿਆ ਹੈ। ਜਿਸ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ ਅਤੇ ਕਾਲਜ 1 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਵਧਦੇ ਤਾਪਮਾਨ ਦੇ ਵਿਚਕਾਰ ਚੋਣ ਕਮਿਸ਼ਨ ਨੇ ਵੀ ਵੋਟਰਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਚੋਣਾਂ ਦੌਰਾਨ ਚੋਣ ਕੇਂਦਰਾਂ ਵਿੱਚ ਟੈਂਟ, ਪੱਖੇ, ਬੈਠਣ ਲਈ ਥਾਂ ਅਤੇ ਪੀਣ ਵਾਲਾ ਪਾਣੀ ਆਦਿ ਸਹੂਲਤਾਂ ਉਪਲਬਧ ਹੋਣਗੀਆਂ।