ਨਵੀਂ ਦਿੱਲੀ, 17 ਮਈ 2024 – ਵਲਾਦੀਮੀਰ ਪੁਤਿਨ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀਰਵਾਰ ਨੂੰ ਚੀਨ ਪਹੁੰਚੇ। ਜਿੱਥੇ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ।
ਦੁਵੱਲੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਦੋਹਾਂ ਨੇਤਾਵਾਂ ਨੇ ਅਮਰੀਕਾ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਅਮਰੀਕਾ ‘ਤੇ ਪ੍ਰਮਾਣੂ ਸੰਤੁਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਰੂਸ ਅਤੇ ਚੀਨ ਵਿਚਾਲੇ ਰੱਖਿਆ ਸਾਂਝੇਦਾਰੀ ਵਧਾਉਣ ‘ਤੇ ਸਹਿਮਤੀ ਪ੍ਰਗਟਾਈ।
ਜਿਨਪਿੰਗ ਨੇ ਕਿਹਾ ਕਿ ਯੂਕਰੇਨ ਜੰਗ ਨੂੰ ਸਿਆਸੀ ਸਮਝੌਤੇ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਰੂਸ ਅਤੇ ਚੀਨ ਦੀ ਦੋਸਤੀ ਵਿਸ਼ਵ ਵਿੱਚ ਸਰਵਉੱਚਤਾ ਲਈ ਚੱਲ ਰਹੀ ਲੜਾਈ ਵਿੱਚ ਸਥਿਰਤਾ ਲਿਆਉਣ ਲਈ ਕੰਮ ਕਰਦੀ ਹੈ। ਇਸ ਦੇ ਨਾਲ ਹੀ ਪੁਤਿਨ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਚੀਨ ਦੇ ਯਤਨਾਂ ਲਈ ਧੰਨਵਾਦ ਕੀਤਾ। ਉਸਨੇ ਚੀਨ ਨੂੰ ਰੂਸ ਵਿੱਚ ਆਪਣੀਆਂ ਕਾਰਾਂ ਬਣਾਉਣ ਦਾ ਸੱਦਾ ਦਿੱਤਾ।
ਪੁਤਿਨ ਰਾਸ਼ਟਰਪਤੀ ਬਣਨ ਦੇ 9 ਦਿਨਾਂ ਦੇ ਅੰਦਰ ਇਹ ਦੌਰਾ ਕਰ ਰਹੇ ਹਨ, ਉਹ ਵੀ ਅਜਿਹੇ ਸਮੇਂ ਜਦੋਂ ਰੂਸੀ ਫੌਜ ਯੂਕਰੇਨ ਦੇ ਖਾਰਕਿਵ ਸ਼ਹਿਰ ਵਿੱਚ ਦਾਖਲ ਹੋ ਰਹੀ ਹੈ। ਪੁਤਿਨ 2 ਦਿਨ ਤੱਕ ਚੀਨ ‘ਚ ਰਹਿਣਗੇ। ਚੀਨ ਪਹੁੰਚਣ ‘ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੁਤਿਨ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕੀਤਾ। ਇਸ ਦੌਰਾਨ ਸੋਵੀਅਤ ਦੌਰ ਦੀਆਂ ਧੁਨਾਂ ਵਜਾਈਆਂ ਗਈਆਂ।
ਕਤਰ ਦੇ ਨਿਊਜ਼ ਚੈਨਲ ਅਲਜਜ਼ੀਰਾ ਮੁਤਾਬਕ ਪੁਤਿਨ ਆਪਣੀ ਯਾਤਰਾ ਦੌਰਾਨ ਯੂਕਰੇਨ ਯੁੱਧ ‘ਚ ਚੀਨ ਤੋਂ ਲਗਾਤਾਰ ਸਮਰਥਨ ਜਾਰੀ ਰੱਖਣ ਦੀ ਮੰਗ ਕਰਨਗੇ। ਉਹ ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਚੀਨ ਗਏ ਸੀ। ਰੂਸ-ਯੂਕਰੇਨ ਯੁੱਧ ਦੇ ਸ਼ੁਰੂਆਤੀ ਦਿਨਾਂ ‘ਚ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਉਨ੍ਹਾਂ ਦੀ ਆਪਸੀ ਸਾਂਝੇਦਾਰੀ ਦੀ ਕੋਈ ਸੀਮਾ ਨਹੀਂ ਹੈ। ਜਦੋਂ ਮਾਰਚ 2023 ਵਿੱਚ ਜਿਨਪਿੰਗ ਨੇ ਮਾਸਕੋ ਦਾ ਦੌਰਾ ਕੀਤਾ ਸੀ, ਤਾਂ ਉਨ੍ਹਾਂ ਕਿਹਾ ਸੀ ਕਿ ਇਹ ਦੋਵਾਂ ਦੇਸ਼ਾਂ ਦਰਮਿਆਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।