ਨਕੋਦਰ, 18 ਮਈ 2024 – ਨਕੋਦਰ ਦੇ ਸੁੰਦਰ ਨਗਰ ਇਲਾਕੇ ਚ ਪੈਂਦੇ ਵਾਰਡ ਨੰਬਰ 7 ਵਿੱਚ ਇੱਕ ਮੋਟਰਸਾਈਕਲ ਸਵਾਰ ਲੜਕੇ ਕੋਲੋਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀ ਲੱਠ ਮਾਰ ਕੇ ਮੁੰਡੇ ਨੂੰ ਮੋਟਰਸਾਈਕਲ ਤੋਂ ਸੁੱਟ ਦਿੱਤਾ ਅਤੇ ਉਸਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਕੇ ਲਗਭਗ ਸਾਢੇ ਚਾਰ ਲੱਖ ਰੁਪੈ ਉਸ ਤੋਂ ਖੋਹ ਕੇ ਰਫੂ ਚੱਕਰ ਹੋ ਗਏ। ਲੁੱਟ ਦੀ ਘਟਨਾ ਤੋਂ ਤਕਰੀਬਨ 20 ਮਿੰਟ ਬਾਅਦ ਪੁਲਿਸ ਘਟਨਾ ਵਾਲੀ ਥਾਂ ਪਹੁੰਚੀ ਅਤੇ ਲੁੱਟ ਦੀ ਘਟਨਾ ਦੀ ਜਾਂਚ ਸ਼ੁਰੂ ਕੀਤੀ।
ਘਟਨਾ ਦੀ ਥਾਂ ਪਹੁੰਚੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੌਂਕੀਦਾਰ ਜਰੂਰ ਰੱਖਣ ਤਾਂ ਜੋ ਚੋਰੀਆਂ ਨੂੰ ਨੱਥ ਪਾਈ ਜਾ ਸਕੇ। ਦੱਸਣਯੋਗ ਹੈ ਕਿ ਇਹ ਘਟਨਾ ਲਗਭਗ 8 ਵਜੇ ਦੇ ਕਰੀਬ ਵਾਪਰੀ ਹੈ। ਇਹ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਨਕੋਦਰ ਸ਼ਹਿਰ ਚ ਆਏ ਦਿਨ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ, ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਧਰ ਬੈਠਾ ਹੈ ਅਤੇ ਬੱਸ ਇਹੀ ਬਿਆਨ ਦੇ ਰਿਹਾ ਹੈ ਕਿ ਸਾਡੇ ਕੋਲ ਪੁਲਿਸ ਮੁਲਾਜਮਾਂ ਦੀ ਕਮੀ ਹੈ, ਪਰ ਪੁਲਿਸ ਦੀ ਇਸ ਢਿੱਲੀ ਕਾਰਗੁਜਾਰੀ ਕਾਰਨ ਸ਼ਹਿਰ ਚ ਪੁਲਿਸ ਪ੍ਰਤੀ ਲੋਕਾਂ ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ ਨਹੀਂ, ਆਏ ਦਿਨ ਚੋਰੀਆਂ, ਲੁੱਟ ਖੋਹ ਦੀਆਂ ਵਾਰਦਾਤਾਂ ਤਾਂ ਹੁਣ ਆਮ ਹੋ ਗਈਆਂ ਹਨ।