- ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ
- ਬਿਭਵ ‘ਤੇ ਲੱਗੇ ਹੋਏ ਨੇ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਕਰਨ ਦੇ ਦੋਸ਼
ਨਵੀਂ ਦਿੱਲੀ, 19 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਅਦਾਲਤ ਨੇ 5 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਿਭਵ ‘ਤੇ ਸੀਐਮ ਹਾਊਸ ‘ਚ ‘ਆਪ’ ਸੰਸਦ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਹੈ। ਸ਼ਨੀਵਾਰ ਦੇਰ ਰਾਤ ਤੱਕ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਤੀਸ ਹਜ਼ਾਰੀ ਕੋਰਟ ਨੇ ਬਿਭਵ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਦਿੱਲੀ ਪੁਲਿਸ ਨੇ ਅਦਾਲਤ ਤੋਂ ਬਿਭਵ ਦੀ 7 ਦਿਨਾਂ ਦੀ ਰਿਮਾਂਡ ਮੰਗੀ ਸੀ। ਪੁਲਿਸ ਨੇ ਅਦਾਲਤ ‘ਚ ਦਾਅਵਾ ਕੀਤਾ ਕਿ ਬਿਭਵ ਨੇ ਮੁੱਖ ਮੰਤਰੀ ਨਿਵਾਸ ‘ਚ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਿਭਵ ਕੁਮਾਰ ਦੇ ਵਕੀਲ ਰਾਜੀਵ ਮੋਹਨ ਨੇ ਦਿੱਲੀ ਪੁਲਿਸ ‘ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ।
ਦਿੱਲੀ ਪੁਲਸ ਨੇ ਸ਼ਨੀਵਾਰ ਸਵੇਰੇ ਬਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਉਸ ਨੂੰ ਦੁਪਹਿਰ 12:40 ਵਜੇ ਪੁੱਛਗਿੱਛ ਲਈ ਸਿਵਲ ਲਾਈਨ ਥਾਣੇ ਲੈ ਕੇ ਆਈ। ਪੁੱਛਗਿੱਛ ਤੋਂ ਬਾਅਦ ਬਿਭਵ ਨੂੰ ਤੀਸ ਹਜ਼ਾਰੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਾਮ ਨੂੰ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ।
ਸਵਾਤੀ ਮਾਲੀਵਾਲ 13 ਮਈ ਨੂੰ ਸਵੇਰੇ 9 ਵਜੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਸੀਐਮ ਹਾਊਸ ਪਹੁੰਚੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਵਿਭਵ ਕੁਮਾਰ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਇੱਥੋਂ ਤੱਕ ਕਿ ਉਸਦੇ ਕੱਪੜੇ ਵੀ ਪਾਟ ਗਏ। ਸਵਾਤੀ ਨੇ 16 ਮਈ ਨੂੰ ਸ਼ਾਮ 6:15 ਵਜੇ ਦਿੱਲੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ।
17 ਮਈ ਨੂੰ ਅੱਧੀ ਰਾਤ 12 ਦੇ ਕਰੀਬ ਦਿੱਲੀ ਪੁਲਿਸ ਨੇ ਏਮਜ਼ ਵਿੱਚ ਮਾਲੀਵਾਲ ਦਾ ਮੈਡੀਕਲ ਕਰਵਾਇਆ। ਇਹ ਰਿਪੋਰਟ ਸ਼ਨੀਵਾਰ ਨੂੰ ਆਈ, ਜਿਸ ‘ਚ ਮਾਲੀਵਾਲ ਦੀਆਂ ਅੱਖਾਂ ਅਤੇ ਲੱਤਾਂ ‘ਤੇ ਸੱਟ ਦੇ ਨਿਸ਼ਾਨ ਪਾਏ ਗਏ। ਰਿਪੋਰਟ ਆਉਣ ਦੇ ਕੁਝ ਘੰਟਿਆਂ ਬਾਅਦ ਦਿੱਲੀ ਪੁਲਿਸ ਸੀਐਮ ਹਾਊਸ ਪਹੁੰਚੀ ਅਤੇ ਰਿਸ਼ਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਦੂਜੇ ਪਾਸੇ ਘਟਨਾ ਦੇ ਛੇਵੇਂ ਦਿਨ ਯਾਨੀ 18 ਮਈ ਨੂੰ ਸਵਾਤੀ ਮਾਲੀਵਾਲ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। 32 ਸੈਕਿੰਡ ਦੀ ਵੀਡੀਓ ‘ਚ ਪੁਲਸ ਕਰਮਚਾਰੀ ਸਵਾਤੀ ਮਾਲੀਵਾਲ ਨੂੰ ਸੀਐੱਮ ਹਾਊਸ ਤੋਂ ਹਟਾਉਂਦੇ ਨਜ਼ਰ ਆ ਰਹੇ ਹਨ।