ਕਿਸਾਨ ਮੋਰਚੇ ਦੀ ਜਗਰਾਉਂ ਮਹਾਂਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਲੱਖੋਵਾਲ, ਧਨੇਰ, ਸੰਧੂ

  • ਹਰਨੇਕ ਸਿੰਘ ਮਹਿਮਾ ਦੀ ਰਿਹਾਈ ਅਤੇ ਹੰਸ ਰਾਜ ਹੰਸ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ

ਚੰਡੀਗੜ੍ਹ, 19 ਮਈ, 2024: ਸੰਯੁਕਤ ਕਿਸਾਨ ਮੋਰਚਾ ਦੀ 21 ਮਈ ਨੂੰ ਜਗਰਾਉਂ ਵਿਖੇ ਹੋਣ ਵਾਲੇ ਮਹਾਂ ਰੈਲੀ ਵਾਸਤੇ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ ਅਤੇ ਫੁਰਮਾਨ ਸਿੰਘ ਸੰਧੂ ਤੇ ਆਧਾਰਿਤ ਐੱਸਕੇਐੱਮ ਦੇ ਪ੍ਰਧਾਨਗੀ ਮੰਡਲ ਦੀ ਆਨਲਾਈਨ ਮੀਟਿੰਗ ਹੋਈ। ਪ੍ਰਧਾਨਗੀ ਮੰਡਲ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ‘ਭਾਜਪਾ ਦਾ ਪਰਦਾਫਾਸ਼ ਕਰੋ, ਵਿਰੋਧ ਕਰੋ ਅਤੇ ਸਜ਼ਾ ਦਿਉ’ ਦੇ ਨਾਅਰੇ ਹੇਠ ਜਗਰਾਉਂ ਦੀ ਦਾਣਾ ਮੰਡੀ ਵਿੱਚ ਹੋਣ ਵਾਲੀ ਇਹ ਮਹਾਂ ਰੈਲੀ ਇਤਿਹਾਸਿਕ ਅਤੇ ਇਕੱਠ ਪੱਖੋਂ ਰਿਕਾਰਡ ਤੋੜ ਹੋਵੇਗੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਕਾਫੀ ਚਿਰ ਪਹਿਲਾਂ ਇਹ ਫ਼ੈਸਲਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਹੈ। ਇਸ ਲਈ ਭਾਜਪਾ ਦਾ ਪਰਦਾਫਾਸ਼ ਕਰਨ, ਵਿਰੋਧ ਕਰਨ ਅਤੇ ਸਜ਼ਾ ਦੇਣ ਦਾ ਐਲਾਨ ਕੀਤਾ ਸੀ। ਸਮੇਂ ਨੇ ਇਸ ਸੱਚ ਦੀ ਹੋਰ ਪੁਸ਼ਟੀ ਕੀਤੀ ਹੈ। ਇਹਨਾਂ ਚੋਣਾਂ ਦੌਰਾਨ ਜਿਸ ਤਰ੍ਹਾਂ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਦੇਸ਼ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਰੋਧੀਆਂ ਦੀ ਜ਼ੁਬਾਨਬੰਦੀ ਕੀਤੀ ਹੈ ਉਸ ਨੇ ਇਸ ਨਾਅਰੇ ਦੀ ਸਾਰਥਿਕਤਾ ਨੂੰ ਹੋਰ ਬੁਲੰਦ ਕੀਤਾ ਹੈ।

ਇਸੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਨੂੰ 11 ਸਵਾਲ ਜਾਰੀ ਕੀਤੇ ਸਨ ਅਤੇ ਪੰਜਾਬ ਦੇ ਕੋਨੇ ਕੋਨੇ ਵਿੱਚ ਭਾਜਪਾ ਵਿਰੋਧੀ ਪ੍ਰਦਰਸ਼ਨਾਂ ਦਾ ਹੜ੍ਹ ਆਇਆ ਹੋਇਆ ਹੈ। ਇਸੇ ਦੌਰਾਨ ਭਾਜਪਾ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਲੋਕਾਂ ਨਾਲ ਲੜਾ ਕੇ ਵੋਟਾਂ ਬਟੋਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪ੍ਰਧਾਨਗੀ ਮੰਡਲ ਨੇ ਉਚੇਚੇ ਤੌਰ ਤੇ ਹੰਸ ਰਾਜ ਹੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਿੰਸਕ ਭਾਸ਼ਾ ਵਰਤ ਕੇ ਮਜ਼ਦੂਰਾਂ ਨੂੰ ਕਿਸਾਨਾਂ ਖਿਲਾਫ ਭੜਕਾਉਣਾ ਚਾਹੁੰਦਾ ਹੈ। ਲੋਕਾਂ ਨੂੰ ਧਰਮ, ਜਾਤ ਅਤੇ ਖਿੱਤੇ ਦੇ ਆਧਾਰ ਤੇ ਲੜਾ ਕੇ ਵੋਟਾਂ ਲੈਣ ਵਾਲੀ ਨੀਤੀ ਨੂੰ ਭਾਜਪਾ ਪੰਜਾਬ ਵਿੱਚ ਵੀ ਲਾਗੂ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਸਮਾਜ ਵਿੱਚ ਵੰਡੀਆਂ ਪਾਉਣ ਦੀ ਸਖਤ ਨਿਖੇਧੀ ਕਰਦਾ ਹੈ ਅਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਜਪਾ ਦੀਆਂ ਪੰਜਾਬੀ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣ। ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਕਿ ਉਹ ਹੰਸ ਰਾਜ ਹੰਸ ਦੇ ਬਿਆਨਾਂ ਦਾ ਨੋਟਿਸ ਲੈਂਦੇ ਹੋਏ ਉਸ ਖਿਲਾਫ ਸਖ਼ਤ ਕਾਰਵਾਈ ਕਰੇ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਪੁਰਾਣੇ ਕੇਸਾਂ ਵਿੱਚ ਗਿਰਫਤਾਰ ਕਰਕੇ ਜੇਲ੍ਹ ਭੇਜਣ ਦੀ ਸਖਤ ਨਿਖੇਧੀ ਕਰਦਿਆਂ ਉਸ ਨੂੰ ਜੇਲ੍ਹ ਵਿੱਚੋਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ, ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਚਾਉਣ ਲਈ ਹੀ ਗਿਰਫਤਾਰੀਆਂ ਕਰ ਰਹੀ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ।

ਮਹਾਂ ਰੈਲੀ ਵਾਸਤੇ ਬਣੀ ਸੰਚਾਲਣ ਕਮੇਟੀ ਦੀ ਵੀ ਅੱਜ ਹੀ ਆਨਲਾਈਨ ਮੀਟਿੰਗ ਹੋਈ ਜਿਸ ਨੂੰ ਰਮਿੰਦਰ ਸਿੰਘ ਪਟਿਆਲਾ ਨੇ ਚਲਾਇਆ। ਇਸ ਮੀਟਿੰਗ ਵਿੱਚ ਜਗਮੋਹਣ ਸਿੰਘ ਪਟਿਆਲਾ, ਹਰਿੰਦਰ ਸਿੰਘ ਲੱਖੋਵਾਲ, ਅੰਗਰੇਜ ਸਿੰਘ ਭਦੌੜ, ਗੁਰਨਾਮ ਸਿੰਘ ਭੀਖੀ, ਦਵਿੰਦਰ ਸਿੰਘ, ਗੁਰਮੀਤ ਸਿੰਘ ਮਹਿਮਾ, ਮੁਕੇਸ਼ ਚੰਦਰ, ਫੁਰਮਾਨ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਗੁਰਵਿੰਦਰ ਸਿੰਘ ਢਿੱਲੋਂ, ਹਰਦੇਵ ਸਿੰਘ ਸੰਧੂ ਅਤੇ ਕੰਵਰ ਸਰਤਾਜ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿੱਚ 21 ਮਈ ਨੂੰ ਸਟੇਜ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਹੋਇਆ। ਮਹਾਂ ਰੈਲੀ ਵਿੱਚ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ। ਕੁਲ ਮਿਲਾ ਕੇ 40 ਤੋਂ ਉੱਪਰ ਬੁਲਾਰੇ ਹੋਣਗੇ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੇ ਇੱਕ ਇੱਕ ਸੀਨੀਅਰ ਆਗੂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਦਿੱਤਾ ਜਾਵੇਗਾ ਅਤੇ ਹਰ ਜਥੇਬੰਦੀ ਦਾ ਇੱਕ ਆਗੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਵੇਗਾ। ਸੰਚਾਲਣ ਕਮੇਟੀ ਨੌਂ ਵਜੇ ਜਗਰਾਉਂ ਪਹੁੰਚ ਕੇ ਪ੍ਰਬੰਧ ਸੰਭਾਲ ਲਵੇਗੀ ਅਤੇ ਸਟੇਜ ਦੀ ਕਾਰਵਾਈ ਦਸ ਵਜੇ ਸ਼ੁਰੂ ਕਰ ਦਿੱਤੀ ਜਾਵੇਗੀ। ਮਜ਼ਦੂਰਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਬਣਦਾ ਸਨਮਾਨ ਦੇਣ ਦਾ ਵੀ ਫੈਸਲਾ ਕੀਤਾ ਗਿਆ। ਪ੍ਰੈੱਸ ਵਾਸਤੇ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਵਾਸਤੇ ਕੁਰਸੀਆਂ ਅਤੇ ਪਾਣੀ ਵਗੈਰਾ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮਹਾਂਰੈਲੀ ਵਿੱਚ ਔਰਤਾਂ ਵੀ ਕਾਫੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਇਸ ਲਈ ਉਹਨਾਂ ਵਾਸਤੇ ਸਟੇਜ ਦੇ ਸਾਹਮਣੇ ਜਗ੍ਹਾ ਉਪਲਬਧ ਕਰਵਾਈ ਜਾਵੇਗੀ।

ਇਸ ਮੀਟਿੰਗ ਵਿੱਚ ਵੀ ਹਰਨੇਕ ਸਿੰਘ ਮਹਿਮਾ ਦੀ ਰਿਹਾਈ ਦੀ ਮੰਗ ਕਰਦਿਆਂ ਹੰਸਰਾਜ ਹੰਸ ਦੇ ਫੁੱਟਪਾਊ ਬਿਆਨਾਂ ਦੀ ਨਿਖੇਧੀ ਕੀਤੀ ਗਈ। ਪ੍ਰਬੰਧਕ ਕਮੇਟੀ ਦੀ ਵੀ 20 ਮਈ ਨੂੰ ਜਗਰਾਉਂ ਵਿਖੇ ਮੀਟਿੰਗ ਹੋਵੇਗੀ, ਜਿਸ ਵਿੱਚ ਟੈਂਟ, ਸਪੀਕਰ, ਦਰੀਆਂ ਅਤੇ ਚਾਹ ਪਾਣੀ ਸਮੇਤ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਕੇ ਅੰਤਿਮ ਰੂਪ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਾਇਰਲ ਆਡੀਓ ਮਾਮਲਾ: ਅਕਸ ਖਰਾਬ ਕਰਨ ਦੀ ਕੋਸ਼ਿਸ਼, ਕਰਾਂਗਾ ਸ਼ਿਕਾਇਤ – ਬਿੱਟੂ

ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੱਧ ਰਹੀ ਲੋਕਪ੍ਰਿਅਤਾ ਨੇ ਵਿਰੋਧੀ ਨੂੰ ਤਰੇਲੀਆਂ ਲਿਆਂਦੀਆਂ:- ਪ੍ਰੋ. ਚੰਦੂਮਾਜਰਾ