ਝਾਰਖੰਡ, 21 ਮਈ 2024 – ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਜਯੰਤ ਸਿਨਹਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਇਸ ਨੋਟਿਸ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਰਟੀ ਨੇ ਜਯੰਤ ਸਿਨਹਾ ਨੂੰ ਪੁੱਛਿਆ ਕਿ ਮਨੀਸ਼ ਜੈਸਵਾਲ ਨੂੰ ਹਜ਼ਾਰੀਬਾਗ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਤੁਸੀਂ ਨਾ ਤਾਂ ਚੋਣ ਪ੍ਰਚਾਰ ਵਿਚ ਦਿਲਚਸਪੀ ਲੈ ਰਹੇ ਹੋ ਅਤੇ ਨਾ ਹੀ ਸੰਗਠਨਾਤਮਕ ਕੰਮ ਵਿਚ ਕੋਈ ਕੰਮ ਕਰ ਰਹੇ ਹੋ, ਨਾਲ ਹੀ, ਤੁਸੀਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਜਯੰਤ ਸਿਨਹਾ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਦੇਣ ਦੇ ਫੈਸਲੇ ਤੋਂ ਨਾਰਾਜ਼ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ ਸੀ। ਉਨ੍ਹਾਂ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਹੁਣ ਪਾਰਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਭਾਜਪਾ ਨੇ ਜਯੰਤ ਸਿਨਹਾ ਨੂੰ ਜਾਰੀ ਨੋਟਿਸ ਵਿੱਚ ਲਿਖਿਆ, ਕਿਉਂਕਿ ਪਾਰਟੀ ਨੇ ਮਨੀਸ਼ ਜੈਸਵਾਲ ਨੂੰ ਲੋਕ ਸਭਾ ਚੋਣਾਂ 2024 ਵਿੱਚ ਹਜ਼ਾਰੀਬਾਗ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਉਦੋਂ ਤੋਂ ਤੁਸੀਂ ਨਾ ਤਾਂ ਚੋਣ ਪ੍ਰਚਾਰ ਵਿੱਚ ਦਿਲਚਸਪੀ ਲੈ ਰਹੇ ਹੋ ਅਤੇ ਨਾ ਹੀ ਜਥੇਬੰਦਕ ਕੰਮਾਂ ਵਿੱਚ। ਇਸ ਦੇ ਬਾਵਜੂਦ ਤੁਸੀਂ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਵੀ ਠੀਕ ਨਹੀਂ ਸਮਝਿਆ। ਤੁਹਾਡੇ ਇਸ ਰਵੱਈਏ ਨੇ ਪਾਰਟੀ ਦਾ ਅਕਸ ਖਰਾਬ ਕੀਤਾ ਹੈ।
ਇਸ ਕਾਰਨ ਪਾਰਟੀ ਦੇ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਜਯੰਤ ਸਿਨਹਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਨੋਟਿਸ ‘ਤੇ 2 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦਰਅਸਲ ਹਜ਼ਾਰੀਬਾਗ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਜਯੰਤ ਸਿਨਹਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਜਦੋਂ ਮਾਰਚ ਵਿੱਚ ਜੈਸਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਹ ਜਯੰਤ ਨੂੰ ਮਿਲਣ ਆਏ ਸਨ। ਜਯੰਤ ਨੇ ਐਕਸ ‘ਤੇ ਇਕ ਪੋਸਟ ‘ਚ ਕਿਹਾ ਸੀ, ਭਾਜਪਾ ਦੇ ਹਜ਼ਾਰੀਬਾਗ ਲੋਕ ਸਭਾ ਉਮੀਦਵਾਰ ਮਨੀਸ਼ ਜੈਸਵਾਲ ਨੇ ਅੱਜ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨੂੰ ਚੋਣਾਂ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਅਸੀਂ ਕਮਲ ਨੂੰ ਰਿਕਾਰਡ ਫਰਕ ਨਾਲ ਜਿਤਾਵਾਂਗੇ। ਇੰਨਾ ਹੀ ਨਹੀਂ ਟਿਕਟ ਦੇ ਐਲਾਨ ਤੋਂ ਠੀਕ ਪਹਿਲਾਂ ਉਨ੍ਹਾਂ ਖੁਦ ਹੀ ਚੋਣ ਸਿਆਸਤ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਸੀ।