- ਲਾਲ ਬੱਤੀ ਪਾਰ ਕਰਨ ‘ਤੇ ਰੋਕਿਆ, ਪੁਲਿਸ ਮੁਲਾਜ਼ਮਾਂ ਨਾਲ ਕੀਤੀ ਬਹਿਸ
ਚੰਡੀਗੜ੍ਹ, 21 ਮਈ 2024 – ਚੰਡੀਗੜ੍ਹ ਦੇ ਸੈਕਟਰ 46/49 ਚੌਂਕ ਵਿਖੇ ਕੱਲ੍ਹ ਲਾਲ ਬੱਤੀ ਪਾਰ ਕਰਨ ਦੀ ਵਾਪਰੀ ਇੱਕ ਘਟਨਾ ਤੋਂ ਬਾਅਦ ਅੱਜ ਪੁਲਿਸ ਨੇ ਡਰਾਈਵਰ ਪ੍ਰਕਾਸ਼ ਸਿੰਘ ਦੀ ਸਕਾਰਪੀਓ ਨੂੰ ਜ਼ਬਤ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਮੁਲਜ਼ਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਕੀਲ ਨਿਕਲਿਆ ਹੈ।
ਕੱਲ੍ਹ ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪ੍ਰਕਾਸ਼ ਖ਼ਿਲਾਫ਼ ਆਈਪੀਸੀ ਦੀ ਧਾਰਾ 170, 186 ਅਤੇ 149 ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਵਾਹਨਾਂ ਦਾ ਚਲਾਨ ਵੀ ਜਾਰੀ ਕੀਤਾ ਗਿਆ। ਮੁਲਜ਼ਮ ਨੇ ਪੁਲੀਸ ਨਾਲ ਬਹਿਸ ਕਰਦਿਆਂ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।
ਜਦੋਂ ਮੁਲਜ਼ਮ ਨੂੰ ਪੁਲੀਸ ਨੇ ਰੋਕਿਆ ਤਾਂ ਉਸ ਨੇ ਪਹਿਲਾਂ ਖ਼ੁਦ ਨੂੰ ਜੇਐਮਆਈਸੀ ਪ੍ਰਕਾਸ਼ ਦੱਸਿਆ ਅਤੇ ਫਿਰ ਪੁਲੀਸ ਮੁਲਾਜ਼ਮਾਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿੱਚ ਉਸ ਨੇ ਟ੍ਰੈਫਿਕ ਮੁਲਾਜ਼ਮ ਦੀ ਕਿਸੇ ਹੋਰ ਵਿਅਕਤੀ ਨਾਲ ਗੱਲ ਕਰਵਾ ਦਿੱਤੀ। ਟਰੈਫਿਕ ਮੁਲਾਜ਼ਮ ਉਸ ਤੋਂ ਉਸ ਦਾ ਲਾਇਸੈਂਸ ਮੰਗਦੇ ਰਹੇ ਪਰ ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਆਪਣਾ ਲਾਇਸੈਂਸ ਨਹੀਂ ਦਿਖਾਇਆ। ਇਸ ਤੋਂ ਬਾਅਦ ਟਰੈਫਿਕ ਮੁਲਾਜ਼ਮ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਕੀਤੀ।
ਪੁਲਿਸ ਅਨੁਸਾਰ ਕੱਲ੍ਹ ਇੱਕ ਸਕਾਰਪੀਓ ਕਾਰ ਮੋਹਾਲੀ ਵੱਲੋਂ ਆ ਰਹੀ ਸੀ। ਇਸ ਦੀ ਮੂਹਰਲੀ ਨੰਬਰ ਪਲੇਟ ‘ਤੇ ਕਾਲਾ ਪਰਦਾ ਸੀ। ਜਿਸ ਕਾਰਨ ਉਸ ਦੀ ਗੱਡੀ ਦੀ ਨੰਬਰ ਪਲੇਟ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਹੀ ਸੀ। ਜਦੋਂ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਲਾਲ ਬੱਤੀ ਜੰਪ ਕਰ ਦਿੱਤੀ।
ਫਿਰ ਉਸ ਨੇ ਅੱਗੇ ਜਾ ਕੇ ਕਾਰ ਰੋਕ ਲਈ ਅਤੇ ਕਰ ਚਾਲਕ ਨੇ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਆਪ ਨੂੰ ਮੈਜਿਸਟਰੇਟ ਅਹੁਦੇ ‘ਤੇ ਦੱਸਿਆ। ਬਾਅਦ ਵਿਚ ਉਸ ਨੇ ਪੁਲਿਸ ਵਾਲਿਆਂ ਨਾਲ ਕਿਸੇ ਹੋਰ ਨਾਲ ਫੋਨ ‘ਤੇ ਗੱਲ ਕਰਵਾਈ। ਪਰ ਜਦੋਂ ਗੱਲ ਨਾ ਬਣੀ ਤਾਂ ਉਹ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿੱਚ ਟਰੈਫਿਕ ਮੁਲਾਜ਼ਮਾਂ ਵੱਲੋਂ ਥਾਣਾ ਸਦਰ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ।