- ਦੋਸਤ ਕੁੜੀ ਦੀ ਮੰਗਣੀ ਤੁੜਵਾਉਣ ਲਈ ਮੰਗੇਤਰ ਜੋੜੇ ਦੀ ਮੇਲ ਆਈ.ਡੀ. ਹੈਕ ਕਰਕੇ ਭੇਜੀਆਂ ਸਨ ਮੇਲਾਂ
ਮਲੇਰਕੋਟਲਾ, 20 ਮਈ 2024 – ਬੀਤੀ 10 ਅਤੇ 12 ਮਈ ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਦਫ਼ਤਰੀ ਈਮੇਲ ਆਈ.ਡੀ. ਉੱਪਰ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ‘ਤੇ ਬੰਬ ਧਮਾਕੇ ਕਰਕੇ ਅਹਿਮ ਸੰਸਥਾਵਾਂ ਨੂੰ ਉਡਾਉਣ ਦੀਆਂ ਧਮਕੀ ਭਰੀਆਂ ਈ-ਮੇਲਾਂ ਭੇਜਣ ਵਾਲੇ ਇਕ ਅਸਫਲ ਆਸ਼ਕ ਨਾਂਅ ਦੇ ਨੌਜਵਾਨ ਨੂੰ ਮਲੇਰਕੋਟਲਾ ਪੁਲਿਸ ਨੇ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ।
ਸਥਾਨਕ ਸਬ ਡਵੀਜ਼ਨਲ ਪੁਲਿਸ ਕੰਪਲੈਕਸ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਇੰਵੈਸਟੀਗੇਸ਼ਨ) ਮਲੇਰਕੋਟਲਾ ਵੈਭਵ ਸਹਿਗਲ ਅਤੇ ਡੀ.ਐਸ.ਪੀ. ਮਲੇਰਕੋਟਲਾ ਗੁਰਦੇਵ ਸਿੰਘ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਨੂੰ ਮਿਲੀਆਂ ਧਮਕੀ ਭਰੀਆਂ ਈ.ਮੇਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਡਾ. ਸਿਮਰਤ ਕੌਰ ਦੇ ਆਦੇਸ਼ਾਂ ‘ਤੇ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਮੁਕੱਦਮਾ ਦਰਜ ਕਰਕੇ ਵੈਭਵ ਸਹਿਗਲ ਐਸ.ਪੀ. (ਆਈ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਮਾਹੋਰਾਣਾ ਅਤੇ ਥਾਣੇਦਾਰ ਗੁਰਪ੍ਰੀਤ ਕੌਰ ਇੰਚਾਰਜ ਸਾਇਬਰ ਸੈੱਲ ਦੀਆਂ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਤੇ ਜਾਂਚ ਉਪਰੰਤ ਆਖ਼ਰ ਧਮਕੀਆਂ ਭਰੇ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਵਲੋਂ ਕਾਬੂ ਕੀਤੇ ਰਾਜਦੀਪ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਪਿੰਡ ਮਾਲੋਦੰਦ, ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ਦੌਰਾਨ ਉਸ ਕੋਲੋਂ ਇੱਕ ਆਈਫ਼ੋਨ, ਇਕ ਵੀਵੋ, ਇਕ ਰੀਅਲਮੀ ਮੋਬਾਈਲ ਅਤੇ ਕਈ ਸਿੰਮ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਰਾਜਦੀਪ ਸਿੰਘ ਮਲੇਰਕੋਟਲਾ ਵਿਖੇ ਪ੍ਰਾਈਵੇਟ ਕੰਮ ਕਰਦਾ ਸੀ ਜਿੱਥੇ ਉਸ ਦੀ ਇਕ ਲੜਕੀ ਨਾਲ ਜਾਣ ਪਹਿਚਾਣ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਲੜਕੀ ਦੀ ਮੰਗਣੀ ਕਿਸੇ ਹੋਰ ਲੜਕੇ ਨਾਲ ਹੋ ਜਾਣ ਦਾ ਪਤਾ ਲੱਗਣ ‘ਤੇ ਰਾਜਦੀਪ ਸਿੰਘ ਨੇ ਕਥਿਤ ਤੌਰ ’ਤੇ ਲੜਕੀ ਅਤੇ ਉਸ ਦੇ ਮੰਗੇਤਰ ਕੋਲੋਂ ਬਦਲਾ ਲੈਣ ਲਈ ਉਨ੍ਹਾਂ ਦੀ ਈਮੇਲ ਆਈ.ਡੀ./ਮੋਬਾਈਲ ਹੈਕ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਥਾਣੇਦਾਰ ਗੁਰਪ੍ਰੀਤ ਕੌਰ ਆਦਿ ਪੁਲਿਸ ਅਧਿਕਾਰੀ ਵੀ ਮੌਜੂਦ ਸਨ।