ਅਹਿਮਦਾਬਾਦ, 22 ਮਈ 2024 – ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਆਈਪੀਐਲ ਦੇ ਇਤਿਹਾਸ ਵਿੱਚ ਕੇਕੇਆਰ ਟੀਮ ਦਾ ਇਹ ਚੌਥਾ ਫਾਈਨਲ ਮੈਚ ਹੋਵੇਗਾ।
KKR ਨੇ ਮੰਗਲਵਾਰ (21 ਮਈ) ਨੂੰ IPL 2024 ਦਾ ਪਹਿਲਾ ਕੁਆਲੀਫਾਇਰ ਮੈਚ ਖੇਡਿਆ, ਜਿਸ ਵਿੱਚ ਉਸਨੇ ਪੈਟ ਕਮਿੰਸ ਦੀ ਕਪਤਾਨੀ ਵਾਲੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 8 ਵਿਕਟਾਂ ਨਾਲ ਹਰਾਇਆ। ਇਸ ਹਾਰ ਦੇ ਬਾਵਜੂਦ ਹੈਦਰਾਬਾਦ ਦੀ ਟੀਮ ਨੂੰ ਇਕ ਹੋਰ ਮੌਕਾ ਮਿਲੇਗਾ ਅਤੇ ਹੈਦਰਾਬਾਦ ਦੀ ਟੀਮ ਕੁਆਲੀਫਾਇਰ-2 ਆਪਣਾ ਅਗਲਾ ਮੈਚ ਖੇਡੇਗੀ।
ਕੇਕੇਆਰ ਨੇ ਚੌਥੀ ਵਾਰ ਆਈਪੀਐਲ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਇਹ ਟੀਮ ਸਾਲ 2012, 2014 ਅਤੇ 2021 ਵਿੱਚ ਫਾਈਨਲ ਖੇਡ ਚੁੱਕੀ ਹੈ। ਟੀਮ ਨੇ ਸਾਲ 2012 ਅਤੇ 2014 ਵਿੱਚ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਸਾਲ 2021 ‘ਚ ਇਸ ਨੂੰ CSK ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਤੱਕ ਸਿਰਫ਼ CSK ਅਤੇ MI ਨੇ ਹੀ IPL ਵਿੱਚ ਤਿੰਨ ਤੋਂ ਵੱਧ ਫਾਈਨਲ ਖੇਡੇ ਹਨ। ਹੁਣ ਇਸ ਵਿੱਚ ਕੇਕੇਆਰ ਦਾ ਨਾਮ ਵੀ ਜੁੜ ਗਿਆ ਹੈ।
ਕੁਆਲੀਫਾਇਰ-1 ਮੈਚ ‘ਚ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 160 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਕੇਕੇਆਰ ਨੇ 13.4 ਓਵਰਾਂ ‘ਚ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ ਅਤੇ ਫਾਈਨਲ ‘ਚ ਵੀ ਪ੍ਰਵੇਸ਼ ਕਰ ਲਿਆ।
ਕੇਕੇਆਰ ਲਈ ਕਪਤਾਨ ਸ਼੍ਰੇਅਸ ਅਈਅਰ ਨੇ 24 ਗੇਂਦਾਂ ‘ਤੇ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਦਕਿ ਵੈਂਕਟੇਸ਼ ਅਈਅਰ ਨੇ 28 ਗੇਂਦਾਂ ‘ਤੇ ਨਾਬਾਦ 51 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 44 ਗੇਂਦਾਂ ‘ਤੇ 97 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਹੈਦਰਾਬਾਦ ਲਈ ਪੈਟ ਕਮਿੰਸ ਅਤੇ ਟੀ ਨਟਰਾਜਨ ਨੇ 1-1 ਵਿਕਟ ਲਈ।