ਮੋਹਾਲੀ, 22 ਮਈ 2024 – ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਟਾਹਲੀ ਸਾਹਿਬ (ਦੁਫੇੜਾ ਸਾਹਿਬ) ਦੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਗੰਢੂਆਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਬੁੱਧਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਬਾਬਾ ਰਾਮ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 26 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਗੁਰਦੁਆਰਾ ਟਾਹਲੀ ਸਾਹਿਬ ਸਰਹਿੰਦ-ਚੰਡੀਗੜ੍ਹ ਰੋਡ ‘ਤੇ ਸਥਿਤ ਹੈ। ਇਸ ਡੇਰੇ ਨਾਲ ਕਈ ਸਿਆਸਤਦਾਨਾਂ ਦੀ ਸ਼ਰਧਾ ਵੀ ਜੁੜੀ ਹੋਈ ਹੈ। ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਕਈ ਵਾਰ ਡੇਰਾ ਮੁਖੀ ਬਾਬਾ ਰਾਮ ਸਿੰਘ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੀ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸਮੇਤ ਕਈ ਸਿਆਸਤਦਾਨ ਅਕਸਰ ਇੱਥੇ ਆਉਂਦੇ ਰਹਿੰਦੇ ਹਨ।