ਅਹਿਮਦਾਬਾਦ, 23 ਮਈ 2024 – ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ (RR) ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਐਲੀਮੀਨੇਟਰ ਮੈਚ ਜਿੱਤ ਲਿਆ। ਇਹ ਮੈਚ ਬੁੱਧਵਾਰ (22 ਮਈ) ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਖਿਲਾਫ ਖੇਡਿਆ ਗਿਆ, ਜਿਸ ਵਿੱਚ ਰਾਜਸਥਾਨ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਬੁੱਧਵਾਰ ਨੂੰ ਅਹਿਮਦਾਬਾਦ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਰਾਜਸਥਾਨ ਨੇ 19 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਰੋਵਮੈਨ ਪਾਵੇਲ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਆਰ. ਅਸ਼ਵਿਨ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਆਰਸੀਬੀ ਵੱਲੋਂ ਰਜਤ ਪਾਟੀਦਾਰ ਨੇ 34 ਅਤੇ ਵਿਰਾਟ ਕੋਹਲੀ ਨੇ 33 ਦੌੜਾਂ ਬਣਾਈਆਂ। ਇਸ ਪਾਰੀ ਨਾਲ ਕੋਹਲੀ ਨੇ ਇਸ ਲੀਗ ‘ਚ 8 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਹ ਲੀਗ ਦਾ ਸਭ ਤੋਂ ਵੱਧ ਸਕੋਰਰ ਹੈ। ਅਵੇਸ਼ ਖਾਨ ਨੇ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੂੰ 2 ਸਫਲਤਾਵਾਂ ਮਿਲੀਆਂ।
ਹੁਣ ਰਾਜਸਥਾਨ ਦੀ ਟੀਮ ਖਿਤਾਬ ਤੋਂ 2 ਜਿੱਤ ਦੂਰ ਹੈ। ਉਸਦਾ ਅਗਲਾ ਮੈਚ ਕੁਆਲੀਫਾਇਰ-2 ਹੋਵੇਗਾ, ਜਿਸ ਵਿੱਚ ਉਸਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ (SRH) ਨਾਲ ਹੋਵੇਗਾ। ਇਹ ਮੈਚ 24 ਮਈ ਨੂੰ ਚੇਨਈ ਦੇ ਚਿਦੰਬਰਮ ਸਟੇਡੀਅਮ ‘ਚ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰੇਗੀ, ਜਿੱਥੇ ਉਸਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਵੇਗਾ।