- ਸੁਖਬੀਰ ਬਾਦਲ ਦੁਆਰਾ ਕੀਤੇ ਗ਼ਲਤ ਬਿਜਲੀ ਸਮਝੌਤਿਆਂ ਬਾਰੇ ਹੁਣ ਤਕ ਵਾਈਟ ਪੇਪਰ ਕਿਉਂ ਨਹੀਂ ਪੇਸ਼ ਕਰ ਸਕੇ ਕੈਪਟਨ- ਕੁਲਤਾਰ ਸੰਧਵਾਂ
- ਪੰਜਾਬ ਨੂੰ ਵੱਡੇ ਘਰਾਣਿਆਂ ਹੱਥ ਵੇਚ ਕੇ ਹੁਣ ਕਿਸਾਨ ਰੋਹ ਨੂੰ ਵੇਖਦੇ ਹੋਏ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਕਰ ਰਹੇ ਹਨ ਕੈਪਟਨ-ਸੁਖਬੀਰ
ਚੰਡੀਗੜ੍ਹ, 30 ਦਸੰਬਰ 2020 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੀ ਅਕਾਲੀ ਸਰਕਾਰ ਦੇ ਦੌਰਾਨ ਪੰਜਾਬ ਵਿੱਚ ਸਥਾਪਿਤ ਹੋਏ ਕਾਰਪੋਰੇਟ ਘਰਾਣਿਆਂ ਦੇ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਵਧੇ ਕਾਰੋਬਾਰ ਦਾ ਖੁਲਾਸਾ ਹੋਣ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸੁਖਬੀਰ ਬਾਦਲ ਵਾਂਗੂੰ ‘ਟੀਮ ਮੋਦੀ’ ਦਾ ਹੀ ਹਿੱਸਾ ਹਨ ਜੋ ਕਿ ਪੰਜਾਬ ਵਿਚੋਂ ਸਰਕਾਰੀ ਅਤੇ ਸਹਿਕਾਰੀ ਸਿਸਟਮ ਨੂੰ ਖਤਮ ਕਰਕੇ ਵੱਡੇ ਘਰਾਣਿਆਂ ਨੂੰ ਸਥਾਪਿਤ ਕਰਨ ਦਾ ਯਤਨ ਕਰ ਰਹੇ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਹੁਤ ਹੀ ਮੰਦਭਾਗਾ ਹੈ ਕਿ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਕਿਸਾਨਾਂ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਵਿਚੋਲਿਆ ਵਜੋਂ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੀਡੀਆ ਵਿਚ ਹੋਏ ਖ਼ੁਲਾਸੇ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਡਾਨੀ ਗਰੁੱਪ ਨੂੰ ਸੂਬੇ ਵਿੱਚ ਸਥਾਪਿਤ ਕਰਨ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਇਸੇ ਦੇ ਤਹਿਤ ਹੀ ਸਰਕਾਰ ਮਾਨਸਾ ਵਿੱਚ ਅਡਾਨੀ ਗਰੁੱਪ ਦੇ ਚੱਲ ਰਹੇ ਦੋ ਸੋਲਰ ਪ੍ਰਾਜੈਕਟਾਂ ਤੋਂ ਮਾਰਕੀਟ ਨਾਲੋਂ ਕਿਤੇ ਵੱਧ ਰੇਟਾਂ ਤੇ ਬਿਜਲੀ ਖ਼ਰੀਦ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਦੌਰਾਨ ਹੋਏ ਇਨ੍ਹਾਂ ਸਮਝੌਤਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਕੋਈ ਕਾਰਵਾਈ ਕਰਨ ਦਾ ਹੀਲਾ ਨਹੀਂ ਕੀਤਾ ਹੈ। ਸੂਬੇ ਦੀ ਕਾਂਗਰਸ ਸਰਕਾਰ ਨੇ ਬਾਦਲ ਦਲ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਹੀ ਸੂਬੇ ਵਿੱਚ ਸਰਕਾਰੀ ਪਾਵਰ ਪਲਾਂਟਾਂ ਨੂੰ ਬੰਦ ਕਰਕੇ ਨਿੱਜੀ ਘਰਾਣਿਆਂ ਦੇ ਪ੍ਰੋਜੈਕਟਾਂ ਤੋਂ ਮਹਿੰਗੀ ਬਿਜਲੀ ਖ਼ਰੀਦਣ ਦੇ ਕਾਰਜ ਨੂੰ ਜਿਉਂ ਦਾ ਤਿਉਂ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਜੁਆਬ ਦੇਣ ਕਿ ਕਿਉਂ ਅਡਾਨੀ ਗਰੁੱਪ ਦੀਆਂ 2017 ਵਿਚ ਇੱਕੋ ਦਮ ਹੀ 6 ਕੰਪਨੀਆਂ ਪੰਜਾਬ ਵਿੱਚ ਉੱਭਰ ਆਈਆਂ ਸਨ ਅਤੇ ਕਰੋਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਅਡਾਨੀ ਗਰੁੱਪ ਦੀ ਕੰਪਨੀ ਹੋਰ ਜਿਸ ਦਾ ਪਤਾ ਅਡਾਨੀ ਹਾਊਸ ਅਹਿਮਦਾਬਾਦ ਦਾ ਹੈ ਕਿਉਂ ਉੱਭਰੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਅਤੇ ਕਾਂਗਰਸੀ ਦੋਵੇਂ ਹੀ ਆਪਣੇ ਨਿੱਜੀ ਫ਼ਾਇਦੇ ਲਈ ਪੰਜਾਬ ਨੂੰ ਅੰਡਾਨੀਆਂ ਅੰਬਾਨੀਆਂ ਨੂੰ ਵੇਚਣ ਲਈ ਤਰਲੋ ਮੱਛੀ ਹੋ ਰਹੇ ਹਨ।
‘ਆਪ’ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲਾਂ ਵਾਂਗ ਪੰਜਾਬ ਦੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਪਹਿਲਾਂ ਤਾਂ ਹਾਈਪਾਵਰ ਕਮੇਟੀ ਦਾ ਮੈਂਬਰ ਹੁੰਦੇ ਹੋਏ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਵਾਲੇ ਕਾਲੇ ਕਾਨੂੰਨਾਂ ਦੀ ਸਹਿਮਤੀ ਦਿੱਤੀ ਅਤੇ ਹੁਣ ਕਿਸਾਨ ਹਮਾਇਤੀ ਹੋਣ ਦਾ ਢੌਂਗ ਕਰ ਰਹੇ ਹਨ। ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਇੱਕੋ ਸਿੱਕੇ ਦੇ ਪਹਿਲੂ ਹਨ। ਦੋਵੇਂ ਮਿਲ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਹੈ।
‘ਆਪ’ ਆਗੂ ਨੇ ਕਿਹਾ ਕਿ ਸੁਖਬੀਰ ਅਤੇ ਕੈਪਟਨ ਅਮਰਿੰਦਰ ਦੀਆਂ ਗ਼ਲਤ ਨੀਤੀਆਂ ਕਰਕੇ ਹੀ ਅੱਜ ਪੰਜਾਬ ਦਾ ਕਿਸਾਨ, ਕਿਰਤੀ ਤੇ ਇਨਸਾਫ਼ ਪਸੰਦ ਲੋਕ ਕੜਾਕੇ ਦੀ ਠੰਢ ਵਿੱਚ ਦਿੱਲੀ ਦੀ ਸਰਹੱਦ ਉੱਤੇ ਦਿਨ ਰਾਤ ਆਪਣੇ ਪਰਿਵਾਰਾਂ ਸਮੇਤ ਅੰਦੋਲਨ ਕਰ ਰਹੇ ਹਨ। ਵਾਰੀ ਵਾਰੀ ਸੱਤਾ ਉੱਤੇ ਕਬਜ਼ੇ ਰਹਿੰਦੇ ਹੋਏ ਕਿਸਾਨਾਂ ਨਾਲ ਗ਼ੱਦਾਰੀ ਕਰਦੇ ਰਹੇ ਹੁਣ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਤੇ ਸੁਖਬੀਰ ਲੋਕਾਂ ਨਾਲ ਕੀਤੇ ਗਈ ਗ਼ੱਦਾਰੀ ਦੀ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ। ਆਗੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਕੰਮ ਹੁਣ ਜਨਤਕ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹੁਣ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਸਤੇ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਕਿਸੇ ਹੱਦ ਤੱਕ ਵੀ ਹੇਠਾਂ ਡਿਗ ਸਕਦੇ ਹਨ, ਇਨ੍ਹਾਂ ਦੀਆਂ ਚਾਲਾਂ ਤੋਂ ਚੌਕਸ ਰਹਿਣ।