ਐਨ.ਕੇ. ਸ਼ਰਮਾ ਨੇ ਪਟਿਆਲਾ ਦਾ ਪਹਿਰੇਦਾਰ ਬਣਕੇ ਕਾਂਗਰਸ, ਭਾਜਪਾ ਅਤੇ ਆਪ ਨੂੰ ਪੁੱਛੇ ਪੰਜ ਸਵਾਲ

  • ਅਕਾਲੀ ਦਲ ਦੇ ਉਮੀਦਵਾਰ ਨੇ ਲੋਕਾਂ ਤੋਂ ਮਿਲੇ ਫੀਡਬੈਕ ‘ਤੇ ਉਠਾਏ ਮੁੱਦੇ
  • 26 ਮਈ ਤੱਕ ਪ੍ਰਨੀਤ, ਗਾਂਧੀ ਅਤੇ ਬਲਬੀਰ ਜਵਾਬ ਨਹੀਂ ਦਿੰਦੇ ਤਾਂ ਖੁਦ ਕਰਨਗੇ ਖੁਲਾਸਾ
  • ਘੱਗਰ ਦਰਿਆ ਦੇ ਮੁੱਦੇ ‘ਤੇ ਤਿੰਨੋਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਘੇਰਿਆ

ਪਟਿਆਲਾ, 24 ਮਈ 2024 – ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਚੋਣ ਮੈਦਾਨ ’ਚ ਉਤਰੇ ਆਪਣੇ ਵਿਰੋਧੀਆਂ ਨੂੰ ਪਟਿਆਲਾ ਦੇ ਮੁੱਦਿਆਂ ‘ਤੇ ਚੁਣੌਤੀ ਦਿੰਦੇ ਹੋਏ ਪੰਜ-ਪੰਜ ਸਵਾਲ ਪੁੱਛੇ ਹਨ। ਪਟਿਆਲਾ ਦੇ ਪਹਿਰੇਦਾਰ ਵਜੋਂ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਰੂਬਰੂ ਹੋ ਰਹੇ ਐਨ.ਕੇ.ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ, ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੰਘ ਨੂੰ ਲੋਕਾਂ ਦੇ ਸਵਾਲ ਪੁੱਛਦੇ ਹੋਏ ਜਵਾਬ ਦੇਣ ਲਈ 48 ਘੰਟੇ ਦਾ ਸਮਾਂ ਦਿੱਤਾ ਹੈ। ਐਨ.ਕੇ. ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਲੋਕਾਂ ਤੋਂ ਜੋ ਫੀਡਬੈਕ ਮਿਲੀ ਹੈ, ਉਸਦੇ ਆਧਾਰ ‘ਤੇ ਪਟਿਆਲਾ ਦੇ ਪਹਿਰੇਦਾਰ ਬਣ ਕੇ ਇਹ ਸਵਾਲ ਪੁੱਛੇ ਜਾ ਰਹੇ ਹਨ। ਉਹ ਇੱਥੋਂ ਦੇ ਲੋਕਾਂ ਲਈ ਹਮੇਸ਼ਾ ਪਹਿਰੇਦਾਰ ਵਜੋਂ ਕੰਮ ਕਰਨਗੇ ।

ਸ਼ਰਮਾ ਨੇ ਪ੍ਰਨੀਤ ਕੌਰ ਨੂੰ ਪੁੱਛਿਆ ਕੀਤਾ ਕਿ ਉਹ ਕੇਂਦਰ ਵਿੱਚ ਮੰਤਰੀ ਰਹੀ ਪਰ ਕੇਂਦਰ ਤੋਂ ਪਟਿਆਲਾ ਲੋਕ ਸਭਾ ਲਈ ਇੱਕ ਵੀ ਪ੍ਰੋਜੈਕਟ ਨਹੀਂ ਲਿਆਂਦਾ। 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ ਨੌਂ ਹਲਕਿਆਂ ਦੇ ਵਿਕਾਸ ’ਤੇ ਖਰਚ ਕੀਤੀ ਗਈ ਰਕਮ ਅਤੇ ਲਾਗੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਦੀ ਹਲਕਾਵਾਰ ਰਿਪੋਰਟ ਜਾਰੀ ਕਰਨ। ਉਨ੍ਹਾਂ ਚਾਰ ਵਾਰ ਸਾਂਸਦ ਬਣਨ ਦੇ ਬਾਵਜੂਦ ਘੱਗਰ ਦਰਿਆ ਦੀ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਕੀਤਾ। 24 ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕਰਵਾਈ ਪਰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ। 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ ਤੁਹਾਡੀ ਹਾਜ਼ਰੀ ਕਿੰਨੀ ਰਹੀ ਹੈ। ਤੁਸੀਂ ਆਪਣੀ ਗ੍ਰਾਂਟ ਕਿੰਨੀ ਅਤੇ ਕਿੱਥੇ ਵੰਡੀ ਹੈ।

ਆਮ ਆਦਮੀ ਪਾਰਟੀ ਦੇ ਸਾਂਸਦ ਰਹੇ ਅਤੇ ਹੁਣ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਤੋਂ ਸ਼ਰਮਾ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਾਂਸਦ ਰਾਹੀਂ ਆਏ ਪ੍ਰਾਜੈਕਟਾਂ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਉਹ ਦੱਸਣ ਕਿ ਉਨ੍ਹਾਂ ਨੇ ਸੰਸਦ ’ਚ ਪਟਿਆਲਾ ਲੋਕ ਸਭਾ ਹਲਕੇ ਨਾਲ ਸਬੰਧਤ ਕਿੰਨੇ ਸਵਾਲ ਪੁੱਛੇ ਹਨ। ਗਾਂਧੀ ਨੂੰ ਵੀ ਘੱਗਰ ਦਰਿਆ ਦੇ ਮੁੱਦੇ ‘ਤੇ ਘੇਰਦਿਆਂ ਅਕਾਲੀ ਦਲ ਦੇ ਉਮੀਦਵਾਰ ਨੇ ਪੁੱਛਿਆ ਹੈ ਕਿ ਉਨ੍ਹਾਂ ਨੇ ਆਪਣੇ 5 ਸਾਲਾਂ ਦੇ ਸੰਸਦ ਮੈਂਬਰ ਵਜੋਂ ਇਸਦੇ ਸਥਾਈ ਹੱਲ ਲਈ ਕੀ ਕੀਤਾ। ਪਟਿਆਲੇ ਦਾ ਪਿਛੜਾਪਣ ਦੂਰ ਕਰਨ ਲਈ ਤੁਸੀਂ ਕੀ ਕੀਤਾ ਹੈ। ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੇ ਕਿੰਨੀ ਵਾਰ ਸਾਰੇ 9 ਸਰਕਲਾਂ ਦਾ ਦੌਰਾ ਕੀਤਾ ਅਤੇ ਹਲਕਾ ਵਾਰ ਕੀਤੇ ਵਿਕਾਸ ਕਾਰਜਾਂ ਦੀ ਰਿਪੋਰਟ ਜਨਤਕ ਕਰਨ।

ਪੰਜਾਬ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਤੋਂ ਸ਼ਰਮਾ ਨੇ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਮਾੜੀਆਂ ਸਿਹਤ ਸਹੂਲਤਾਂ, ਟੁੱਟੀਆਂ ਸੜਕਾਂ ਅਤੇ ਖਾਲੀ ਡਿਸਪੈਂਸਰੀਆਂ ਬਾਰੇ ਜਵਾਬ ਮੰਗਿਆ ਹੈ। ਲੋਕਾਂ ਨੂੰ ਮੂਰਖ ਬਣਾਉਂਦੇ ਹੋਏ ਭਗਵੰਤ ਮਾਨ ਵਲੋਂ ਮਾਤਾ ਕੌਸ਼ੱਲਿਆ ਹਸਪਤਾਲ ਦੇ ਇੱਕ ਵਾਰਡ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਤੋਂ ਕਰਵਾਏ ਜਾਣ ਦਾ ਵਿਰੋਧ ਕਿਉਂ ਨਹੀਂ ਕੀਤਾ। ਸ਼ਰਮਾ ਨੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਢਾਈ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਸੂਬੇ ਵਿੱਚ ਹਾਲੇ ਤੱਕ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ ਗਿਆ ਜਦੋਂਕਿ ਤੁਹਾਡਾ ਵਾਅਦਾ 16 ਮੈਡੀਕਲ ਕਾਲਜ ਖੋਲ੍ਹੇ ਜਾਣ ਦਾ ਸੀ।

ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਹੇ ਸੇਵਾ ਕੇਂਦਰਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਤੋਂ ਇਲਾਵਾ ਪੰਜਾਬ ਵਿੱਚ ਕਿੰਨੀਆਂ ਨਵੀਆਂ ਡਿਸਪੈਂਸਰੀਆਂ ਅਤੇ ਹਸਪਤਾਲ ਖੋਲ੍ਹੇ ਗਏ ਹਨ। ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਆਯੂਸ਼ਮਾਨ ਕਾਰਡ ਧਾਰਕਾਂ ਦੇ ਇਲਾਜ ਲਈ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ ਹਨ? ਪੰਜਾਬ ਸਰਕਾਰ ਨੇ ਘੱਗਰ ਦਰਿਆ ਦੇ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਕਿਹੜੀ ਸਥਾਈ ਯੋਜਨਾ ਬਣਾਈ ਹੈ।

ਐਨ.ਕੇ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਸਵਾਲ ਉਨ੍ਹਾਂ ਦਾ ਪਹਿਰੇਦਾਰ ਬਣ ਕੇ ਚੋਣ ਲੜ ਰਹੇ ਤਿੰਨਾਂ ਉਮੀਦਵਾਰਾਂ ਤੋਂ ਪੁੱਛੇ ਹਨ। 26 ਮਈ ਤੱਕ ਇਸਦਾ ਇੰਤਜ਼ਾਰ ਕੀਤਾ ਜਾਵੇਗਾ। ਨਹੀਂ ਤਾਂ ਉਹ ਖੁਦ ਮੀਡੀਆ ਰਾਹੀਂ ਤਿੰਨਾਂ ਉਮੀਦਵਾਰਾਂ ਦੀ ਪੋਲ ਖੋਲ੍ਹਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਸਿਲੀਕਾਨ ਵੈਲੀ ਅਤੇ ਸੈਰ ਸਪਾਟਾ ਕੇਂਦਰ ਬਣਾਉਣਾ ਮੇਰਾ ਸੁਫ਼ਨਾ: ਪ੍ਰੋ ਚੰਦੂਮਾਜਰਾ

PM ਮੋਦੀ ਦਾ ਭਗਵੰਤ ਮਾਨ ‘ਤੇ ਮੁੜ ਵੱਡਾ ਹਮਲਾ, ਦਿੱਲੀ ਦੇ ਬਾਬੂ ਚਲਾ ਰਹੇ ਨੇ ਪੰਜਾਬ