ਚੇਨਈ, 25 ਮਈ 2024 – ਸਨਰਾਈਜ਼ਰਜ਼ ਹੈਦਰਾਬਾਦ ਨੇ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਥਾਂ ਬਣਾਈ ਹੈ। ਟੀਮ ਨੇ ਸ਼ੁੱਕਰਵਾਰ ਨੂੰ ਕੁਆਲੀਫਾਇਰ-2 ‘ਚ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾਇਆ। ਹੈਦਰਾਬਾਦ 6 ਸਾਲ ਬਾਅਦ ਇਸ ਲੀਗ ਦੇ ਫਾਈਨਲ ਵਿੱਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਟੀਮ 2018 ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਇਸ ਸੀਜ਼ਨ ਦੇ ਫਾਈਨਲ ਵਿੱਚ ਹੈਦਰਾਬਾਦ ਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
ਚੇਨਈ ਦੇ ਚੇਪੌਕ ਸਟੇਡੀਅਮ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 139 ਦੌੜਾਂ ਹੀ ਬਣਾ ਸਕੀ। ਟੀਮ ਦੇ ਸਪਿਨਰਾਂ ਨੇ 5 ਵਿਕਟਾਂ ਲਈਆਂ, ਜਿਸ ਵਿੱਚ ਸ਼ਾਹਬਾਜ਼ ਅਹਿਮਦ ਦੀਆਂ 3 ਵਿਕਟਾਂ ਅਤੇ ਅਭਿਸ਼ੇਕ ਸ਼ਰਮਾ ਦੀਆਂ 2 ਵਿਕਟਾਂ ਸ਼ਾਮਲ ਹਨ। ਆਰਆਰ ਵੱਲੋਂ ਯਸ਼ਸਵੀ ਜੈਸਵਾਲ ਨੇ 42 ਅਤੇ ਧਰੁਵ ਜੁਰੇਲ ਨੇ 56 ਦੌੜਾਂ ਬਣਾਈਆਂ।
SRH ਲਈ ਹੇਨਰਿਕ ਕਲਾਸੇਨ ਨੇ 50 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 34 ਅਤੇ ਰਾਹੁਲ ਤ੍ਰਿਪਾਠੀ ਨੇ 37 ਦੌੜਾਂ ਬਣਾਈਆਂ। ਆਰਆਰ ਦੇ ਟ੍ਰੇਂਟ ਬੋਲਟ ਅਤੇ ਅਵੇਸ਼ ਖਾਨ ਨੇ 3-3 ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।