ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਵੋਟਰਾਂ ਨੂੰ “ਇਸ ਵਾਰ 70 ਪਾਰ” ਦੀ ਪ੍ਰਾਪਤੀ ਲਈ 1 ਜੂਨ ਨੂੰ ਹੁਮ-ਹੁਮਾ ਕੇ ਚੋਣ ਬੂਥਾਂ ‘ਤੇ ਜਾਣ ਦੀ ਅਪੀਲ

  • ਚੋਣਾਂ ਵਿੱਚ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਬੋਗਨਵਿਲੀਆ ਗਾਰਡਨ, ਮੋਹਾਲੀ ਤੋਂ ਵਾਕਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
  • ਬੂਥਾਂ ‘ਤੇ ਲੂ ਪ੍ਰਬੰਧਨ ਲਈ ਢੁਕਵੇਂ ਉਪਾਅ

ਐਸ.ਏ.ਐਸ.ਨਗਰ, 26 ਮਈ, 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਸਿਬਿਨ ਸੀ, ਨੇ ਵੋਟਰਾਂ ਨੂੰ ਸੂਬੇ ਚ “ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 1 ਜੂਨ ਨੂੰ ਪੂਰੇ ਜੋਸ਼ ਨਾਲ ਪੋਲਿੰਗ ਬੂਥਾਂ ‘ਤੇ ਜਾਣ ਲਈ ਅਪੀਲ ਕੀਤੀ ਹੈ।

ਐਤਵਾਰ ਸਵੇਰੇ ਸਥਾਨਕ ਕਮਿਊਨਿਟੀ ਕਲੱਬਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਵਾਕਾਥਨ ਨੂੰ ਬੋਗਨਵਿਲੀਆ ਗਾਰਡਨ, ਫੇਜ਼ 4, ਮੋਹਾਲੀ ਤੋਂ ਹਰੀ ਝੰਡੀ ਦਿਖਾਉਂਦੇ ਹੋਏ, ਸੀ.ਈ.ਓ. ਸਿਬਿਨ ਸੀ ਨੇ ਕਿਹਾ ਕਿ ਵਾਕਾਥਨ ਦਾ ਉਦੇਸ਼ ਚੋਣਾਂ ਵਿੱਚ ਸਰਗਰਮ ਭਾਗੀਦਾਰੀ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਨੂੰ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਗਤੀਵਿਧੀ ਦੇ ਹਿੱਸੇ ਵਜੋਂ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ।

ਵਾਕਾਥਨ ਵਿੱਚ ਵੋਟਿੰਗ ਅਤੇ ਗ੍ਰੀਨ ਚੋਣਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਭਾਗ ਲੈਣ ਵਾਲਿਆਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਟੋਪੀਆਂ ਪਹਿਨੀਆਂ ਹੋਈਆਂ ਸਨ, ਜਿਨ੍ਹਾਂ ਤੇ “ਸਾਡਾ ਮਿਸ਼ਨ-ਗ੍ਰੀਨ ਚੋਣ” ਨਾਅਰਾ ਲਿਖਿਆ ਸੀ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਗ੍ਰੀਨ ਚੋਣਾਂ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਲਈ ਭਾਗ ਲੈਣ ਵਾਲਿਆਂ ਨੂੰ ਬੂਟੇ ਵੀ ਵੰਡੇ ਗਏ। ਸੀ.ਈ.ਓ. ਸਿਬਿਨ ਸੀ ਨੇ ਗ੍ਰੀਨ ਚੋਣ ਸੁਨੇਹੇ ਨੂੰ ਦਰਸਾਉਣ ਲਈ ਬੋਗਨਵਿਲੀਆ ਗਾਰਡਨ ਵਿੱਚ ਇੱਕ ਬੂਟਾ ਵੀ ਲਗਾਇਆ। ਇਸ ਮੌਕੇ ਉਨ੍ਹਾਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਕੈਪਸ ਵੀ ਲਾਂਚ ਕੀਤੀਆਂ।

ਸੀ.ਈ.ਓ. ਨੇ ਕਿਹਾ ਕਿ ਮੁਹਾਲੀ ਅਤੇ ਬਾਕੀ ਸਾਰੇ ਜ਼ਿਲ੍ਹੇ ਵੋਟਾਂ ਲਈ ਤਿਆਰ ਹਨ ਅਤੇ ਮਤਦਾਨ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਮਤਦਾਨ ਵਧਾਉਣ ਅਤੇ ਵਧੇਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ, ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਗਤੀਵਿਧੀਆਂ ਜਾਰੀ ਹਨ।

ਬਿਰਧ ਵੋਟਰਾਂ ਅਤੇ ਦਿਵਿਆਂਗ ਮਤਦਾਤਾਵਾਂ ਲਈ, ਹੋਮ ਵੋਟ (85 ਸਾਲ ਤੋਂ ਵਧੇਰੇ ਅਤੇ ਦਿਵਿਆਂਗਜਨ ਲਈ) ਨਾਮਕ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮੋਬਾਈਲ ਐਪ ਸਕਸ਼ਮ ਬਜ਼ੁਰਗਾਂ ਅਤੇ ਪੀ ਡਬਲਯੂ ਡੀ (ਦਿਵਿਆਂਗ) ਵੋਟਰਾਂ ਲਈ ਟਰਾਂਸਪੋਰਟ ਸਹੂਲਤਾਂ ਪ੍ਰਾਪਤ ਕਰਨ ਦੇ ਨਾਲ-ਨਾਲ ਚੋਣ ਬੂਥਾਂ ‘ਤੇ ਵਾਲੰਟੀਅਰਾਂ ਦੀ ਮਦਦ ਅਤੇ ਵ੍ਹੀਲਚੇਅਰ ਹਾਸਲ ਕਰਨ ਚ ਮਦਦਗਾਰ ਹੈ।

ਉਨ੍ਹਾਂ ਕਿਹਾ ਕਿ ਰਾਜ ਦੇ ਵੋਟਰਾਂ ਦਾ ਲਗਭਗ 49 ਪ੍ਰਤੀਸ਼ਤ ਔਰਤਾਂ ਹਨ, ਇਸ ਲਈ ਬੱਚਿਆਂ ਲਈ ਕ੍ਰੈਚ, ਵੇਟਿੰਗ ਏਰੀਆ, ਗਰਮੀ ਦੀ ਸਥਿਤੀ ਨਾਲ ਨਜਿੱਠਣ ਲਈ ਏਸੀ/ਕੂਲਰ/ਪੱਖੇ, ਪਖਾਨੇ ਅਤੇ ਹੋਰ ਯਕੀਨੀ ਘੱਟੋ-ਘੱਟ ਸਹੂਲਤਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੈਪੀਡੋ ਨੇ ਵੋਟਰਾਂ ਨੂੰ ਬੂਥਾਂ ਤੱਕ ਪਹੁੰਚਾਉਣ ਲਈ ਆਪਣੀਆਂ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਤਹਿਤ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਮੀਡੀਆ ਦੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕੀਤਾ।

ਪੰਜਾਬੀ ਫਿਲਮ ਅਦਾਕਾਰ ਰਾਜ ਧਾਲੀਵਾਲ ਅਤੇ ਅਦਾਕਾਰ ਦਰਸ਼ਨ ਔਲਖ ਵੀ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੇ ਪ੍ਰਚਾਰ-ਪ੍ਰਸਾਰ ਲਈ ਮੌਜੂਦ ਸਨ।
ਏ.ਡੀ.ਸੀ.(ਜੀ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਟਿੱਡਕੇ, ਨੇ ਇਸ ਮੌਕੇ ਸੀ.ਈ.ਓ. ਪੰਜਾਬ ਦਾ ਸਵਾਗਤ ਕੀਤਾ ਅਤੇ 1 ਜੂਨ ਨੂੰ ਵੱਧ ਤੋਂ ਵੱਧ ਮਤਦਾਨ ਯਕੀਨੀ ਬਣਾਉਣ ਲਈ ਜ਼ਿਲ੍ਹੇ ਵੱਲੋਂ ਕੀਤੀਆਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਪ੍ਰੋ: ਗੁਰਬਖ਼ਸ਼ੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਸੀ.ਈ.ਓ ਦਫ਼ਤਰ ਤੋਂ ਮਨਪ੍ਰੀਤ ਅਨੇਜਾ, ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਚੋਣ ਕਾਨੂੰਗੋ ਸੁਰਿੰਦਰ ਬੱਤਰਾ ਵੀ ਹਾਜ਼ਰ ਸਨ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਨੂੰ ਪੰਜਾਬ ਦੇ ਲੋਕਾਂ ਦੀ ਆਜ਼ਾਦੀ, ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਹਰ ਪੰਜਾਬੀ ਦੇ ਸਹਿਯੋਗ ਦੀ ਲੋੜ – ਕੇਜਰੀਵਾਲ

ਪੰਜਾਬ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ