ਪਟਿਆਲਾ, 28 ਮਈ 2024 – ਰਿਟਰਨਿੰਗ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਚੋਣ ਖਰਚਿਆਂ ਦੀ ਦੂਜੀ ਪੜਤਾਲ ਦੌਰਾਨ ਸ਼ਾਮਲ ਨਾ ਹੋਣ ਵਾਲੇ ਉਮੀਦਵਾਰਾਂ ਦੀਆਂ ਵਾਹਨਾਂ ਦੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਸ੍ਰੀ ਪਰਮਜੀਤ ਸਿੰਘ ਪੁੱਤਰ ਸ੍ਰੀ ਤਰਲੋਚਨ ਸਿੰਘ, ਆਜ਼ਾਦ ਉਮੀਦਵਾਰ ਸ੍ਰੀਮਤੀ ਡਿੰਪਲ ਅਤੇ ਆਜ਼ਾਦ ਉਮੀਦਵਾਰ ਮੱਖਣ ਸਿੰਘ ਵੱਲੋਂ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 77 ਅਧੀਨ ਮੈਨਟੇਨ ਕੀਤੇ ਜਾ ਰਹੇ ਚੋਣ ਖਰਚਾ ਰਜਿਸਟਰ ਦਾ ਮਿਲਾਨ ਸ਼ੈਡੋ ਅਬਜਰਵੇਸ਼ਨ ਰਜਿਸਟਰ ਨਾਲ ਕਰਨ ਲਈ ਖਰਚਾ ਅਬਜ਼ਰਵਰ ਕੋਲ 20 ਮਈ 2024 ਨੂੰ ਆਪਣਾ ਰਿਕਾਰਡ ਪੇਸ਼ ਕਰਨਾ ਸੀ, ਜੋ ਪੇਸ਼ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਉਮੀਦਵਾਰਾਂ ਨੂੰ ਦੁਬਾਰਾ 25 ਮਈ 2024 ਨੂੰ ਆਪਣਾ ਰਿਕਾਰਡ ਪੇਸ਼ ਕਰਨ ਲਈ ਲਿਖਿਆ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਨਿਰਧਾਰਿਤ ਮਿਤੀ ਨੂੰ ਰਿਕਾਰਡ ਪੇਸ਼ ਨਾ ਕਰਨ ਦੀ ਸੂਰਤ ਵਿੱਚ ਆਪ ਨੂੰ ਜਾਰੀ ਕੀਤੀਆਂ ਗਈਆਂ ਵਾਹਨਾਂ ਦੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਪ੍ਰੰਤੂ ਆਜ਼ਾਦ ਉਮੀਦਵਾਰ ਸ੍ਰੀ ਪਰਮਜੀਤ ਸਿੰਘ ਪੁੱਤਰ ਸ੍ਰੀ ਤਰਲੋਚਨ ਸਿੰਘ, ਆਜ਼ਾਦ ਉਮੀਦਵਾਰ ਸ੍ਰੀਮਤੀ ਡਿੰਪਲ ਅਤੇ ਆਜ਼ਾਦ ਉਮੀਦਵਾਰ ਮੱਖਣ ਸਿੰਘ ਵੱਲੋਂ ਆਪ ਜਾ ਆਪਣਾ ਕੋਈ ਨੁਮਾਇੰਦਾ ਪੇਸ਼ ਨਹੀਂ ਕੀਤਾ ਗਿਆ। ਇਸ ਲਈ ਉਕਤ ਉਮੀਦਵਾਰਾਂ ਨੂੰ ਜਾਰੀ ਵਾਹਨਾਂ ਦੀਆਂ ਪ੍ਰਵਾਨਗੀਆਂ ਰੱਦ ਕੀਤੀਆਂ ਗਈਆਂ ਹਨ।
			
			
			
			
					
						
			
			
