ਯੂਪੀ, 29 ਮਈ 2024 – ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸੰਸਦ ਬ੍ਰਿਜ ਭੂਸ਼ਣ ਸਿੰਘ ਦੇ ਪੁੱਤਰ ਅਤੇ ਕੈਸਰਗੰਜ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਦੇ ਕਾਫਲੇ ਦੇ ਫਾਰਚੂਨਰ ਨੇ ਗੋਂਡਾ ‘ਚ ਦੋ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਕਾਰ ਨੇ ਸੜਕ ਕਿਨਾਰੇ ਬੈਠੀ ਔਰਤ ਨੂੰ ਵੀ ਟੱਕਰ ਮਾਰ ਦਿੱਤੀ। ਹਾਦਸੇ ‘ਚ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਕਾਫਲੇ ਵਿੱਚ ਫਾਰਚੂਨਰ ਕਾਰ ਸੀ, ਉਸ ਵਿੱਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਵੀ ਸਨ। ਉਹ ਬੁੱਧਵਾਰ ਸਵੇਰੇ ਕਰੀਬ 9 ਵਜੇ ਕਾਫਲੇ ਨਾਲ ਹਜ਼ੂਰਪੁਰ ਜਾ ਰਿਹਾ ਸੀ। ਕਾਫਲਾ ਅਜੇ ਛੱਤਈਪੁਰਵਾ ਪਹੁੰਚਿਆ ਹੀ ਸੀ ਕਿ ਏਸਕੌਰਟ ਲਿਖਿਆ ਹੋਇਆ ਫਾਰਚੂਨਰ ਇਕ ਵਾਹਨ ਨੂੰ ਓਵਰਟੇਕ ਕਰਨ ਲੱਗਾ। ਇਸ ਦੌਰਾਨ ਇਹ ਬੇਕਾਬੂ ਹੋ ਕੇ ਬਾਈਕ ਸਵਾਰਾਂ ਨੂੰ ਲਤਾੜਦੇ ਹੋਏ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਗੱਡੀ ਨੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਨੂੰ ਵੀ ਕੁਚਲ ਦਿੱਤਾ।
ਇਸ ਹਾਦਸੇ ਵਿੱਚ ਨਿਦੁਰਾ ਪਿੰਡ ਦੇ ਰੇਹਾਨ (17) ਅਤੇ ਸ਼ਹਿਜ਼ਾਦ ਖਾਨ (24) ਦੀ ਮੌਤ ਹੋ ਗਈ ਹੈ। ਜਦਕਿ 60 ਸਾਲਾ ਸੀਤਾ ਦੇਵੀ ਗੰਭੀਰ ਜ਼ਖਮੀ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਵੀ ਕਰਨ ਦਾ ਕਾਫਲਾ ਨਹੀਂ ਰੁਕਿਆ।
ਵਧੀਕ ਪੁਲਿਸ ਸੁਪਰਡੈਂਟ ਪੱਛਮੀ ਰਾਧੇਸ਼ਿਆਮ ਰਾਏ ਨੇ ਕਿਹਾ – ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸ਼ਿਕਾਇਤ ਪੱਤਰ ਦਿੱਤਾ ਹੈ। ਫਾਰਚੂਨਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਫਾਰਚੂਨਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਏਅਰਬੈਗ ਖੁੱਲ੍ਹਣ ਨਾਲ ਕਾਰ ‘ਚ ਬੈਠੇ ਲੋਕਾਂ ਦੀ ਜਾਨ ਬਚ ਗਈ।