- ਰੈਲੀਆਂ, ਜਨਤਕ ਮੀਟਿੰਗਾਂ ਹੋਣਗੀਆਂ ਬੈਨ
- ਸੱਤਵੇਂ ਅਤੇ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ 1 ਜੂਨ
- 1 ਜੂਨ ਨੂੰ ਸ਼ਾਮ 6 ਵਜੇ ਤੱਕ ਠੇਕੇ ਵੀ ਰਹਿਣਗੇ ਬੰਦ
- ਦੂਜੀਆਂ ਸਟੇਟਾਂ ਦੇ ਸਟਾਰ ਪ੍ਰਚਾਰਕਾਂ ਨੂੰ ਛੱਡਣਾ ਪਵੇਗਾ ਸੂਬਾ
ਚੰਡੀਗੜ੍ਹ, 30 ਮਈ 2024 – ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਟਾਰ ਪ੍ਰਚਾਰਕਾਂ ਨੂੰ ਰਾਜ ਛੱਡਣਾ ਹੋਵੇਗਾ। ਇਸ ਦੇ ਨਾਲ ਹੀ ਸ਼ਾਮ 6 ਵਜੇ ਤੋਂ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਜਾਣਗੇ, ਜੋ ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਖੁੱਲ੍ਹਣਗੇ। ਇਸ ਦੌਰਾਨ ਡਰਾਈ ਡੇਅ ਹੋਵੇਗਾ, ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ‘ਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੋਣ ਕਮਿਸ਼ਨ ਦੀਆਂ ਸਮੁੱਚੀਆਂ ਟੀਮਾਂ ਸਰਗਰਮ ਰਹਿਣਗੀਆਂ।
ਚੋਣ ਕਮਿਸ਼ਨ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ, ਨਾਅਰੇ ਲਗਾਉਣ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਤੁਸੀਂ ਲਾਊਡਸਪੀਕਰ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਦੇ ਨਾਲ ਹੀ 1 ਜੂਨ ਨੂੰ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਦਾਇਰੇ ਵਿੱਚ ਆਵਾਜਾਈ ਆਦਿ ‘ਤੇ ਪਾਬੰਦੀ ਰਹੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।
ਇਸ ਵਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ, ਜਦਕਿ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 01 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। 5.38 ਲੱਖ 18 ਤੋਂ 19 ਸਾਲ ਦੀ ਉਮਰ ਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਵੋਟਿੰਗ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। 25,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ।