- ਰਾਸ਼ਟਰਪਤੀ ਦੇ ਅਹੁਦੇ ‘ਤੇ ਰਹਿ ਕੇ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਵਿਅਕਤੀ ਬਣੇ
ਨਵੀਂ ਦਿੱਲੀ, 31 ਮਈ 2024 – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਹਸ਼ ਮਨੀ’ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ‘ਤੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ, 12 ਮੈਂਬਰੀ ਜਿਊਰੀ ਨੇ ਉਸ ਨੂੰ ਸਾਰੇ 34 ਦੋਸ਼ਾਂ ‘ਤੇ ਦੋਸ਼ੀ ਠਹਿਰਾਇਆ ਹੈ। ਡੋਨਾਲਡ ਟਰੰਪ ਵੀਰਵਾਰ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਚੋਣਾਂ ਦੇ ਦੌਰਾਨ ਨਿਊਯਾਰਕ ਵਿੱਚ ਲਗਭਗ ਛੇ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਵਿੱਚ ਉਸਨੂੰ ਸਾਰੇ 34 ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ।
ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਅਤੇ ਚੋਣ ਮੁਹਿੰਮ ਦੌਰਾਨ ਕਾਰੋਬਾਰੀ ਰਿਕਾਰਡਾਂ ‘ਚ ਹੇਰਾਫੇਰੀ ਕਰਨ ਲਈ ਟਰੰਪ ਦੇ ਖਿਲਾਫ ਕੇਸ ਲੰਬਿਤ ਸਨ। ਇਹ ਮਾਮਲਾ 2016 ਦਾ ਹੈ, ਇਸ ਤੋਂ ਪਹਿਲਾਂ ਕਿ ਉਹ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। ਅਮਰੀਕੀ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਕਿ ਕਿਸੇ ਰਾਸ਼ਟਰਪਤੀ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੋਵੇ।
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਅਦਾਲਤ ਨੇ 6 ਹਫ਼ਤਿਆਂ ਵਿੱਚ 22 ਗਵਾਹਾਂ ਨੂੰ ਸੁਣਿਆ। ਇਨ੍ਹਾਂ ‘ਚ ਸਟੋਰਮੀ ਡੇਨੀਅਲਸ ਵੀ ਸ਼ਾਮਲ ਸੀ। ਦੋ ਦਿਨਾਂ ਤੱਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, 12 ਮੈਂਬਰੀ ਜਿਊਰੀ ਨੇ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ। ਡੋਨਾਲਡ ਟਰੰਪ ਨੂੰ ਕੀ ਸਜ਼ਾ ਮਿਲੇਗੀ ਇਸ ਦੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ।
ਜਦੋਂ ਕਿ ਟਰੰਪ ਨੇ ਦਸਤਾਵੇਜ਼ਾਂ ਨਾਲ ਛੇੜਛਾੜ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਨੇ ਸਟੋਰਮੀ ਡੇਨੀਅਲਸ ਨਾਲ ਸੈਕਸ ਕਰਨ ਤੋਂ ਵੀ ਇਨਕਾਰ ਕੀਤਾ ਹੈ।