- ਹੈਲੀਪੈਡ ਵਾਲੀ ਥਾਂ ਵੱਲ ਕਿਸੇ ਨੇ ਨਹਿਰ ਦਾ ਪਾਣੀ ਦਿੱਤਾ ਸੀ ਖੋਲ੍ਹ
- ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ JCB ਦੀ ਮਦਦ ਨਾਲ ਟੋਆ ਪੁੱਟ ਕੇ ਨਹਿਰ ‘ਚ ਆਉਣ ਵਾਲੇ ਪਾਣੀ ਨੂੰ ਰੋਕਿਆ
- ਡੀਸੀ ਨੇ ਨਹਿਰੀ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 31 ਮਈ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ‘ਚ ਚੋਣ ਰੈਲੀ ਦੌਰਾਨ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਹੈਲੀਕਾਪਟਰ ਦੀ ਲੈਂਡਿੰਗ ਲਈ ਜਿਸ ਥਾਂ ‘ਤੇ ਹੈਲੀਪੈਡ ਬਣਾਇਆ ਗਿਆ ਸੀ, ਉਸ ਤੋਂ ਤਿੰਨ ਕਿਲੋਮੀਟਰ ਦੂਰ ਕਿਸੇ ਨੇ ਨਹਿਰ ਦਾ ਪਾਣੀ ਖੋਲ੍ਹ ਦਿੱਤਾ ਸੀ। ਇਸ ਕਾਰਨ ਨਹਿਰ ਦਾ ਪਾਣੀ ਹੈਲੀਪੈਡ ਵੱਲ ਵਧਣ ਲੱਗਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਜੇ.ਸੀ.ਬੀ ਦੀ ਮਦਦ ਨਾਲ ਹੈਲੀਪੈਡ ਤੋਂ ਕਰੀਬ ਦੋ ਕਿਲੋਮੀਟਰ ਦੂਰ ਟੋਆ ਪੁੱਟ ਕੇ ਨਹਿਰ ‘ਚ ਆਉਣ ਵਾਲੇ ਪਾਣੀ ਨੂੰ ਰੋਕ ਦਿੱਤਾ।
ਦਰਅਸਲ ਹੁਸ਼ਿਆਰਪੁਰ ‘ਚ ਜਿਸ ਜਗ੍ਹਾ ‘ਤੇ ਪੀ.ਐੱਮ ਮੋਦੀ ਦੀ ਰੈਲੀ ਹੋਣੀ ਸੀ, ਉਸ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਕੰਢੀ ਕੈਨਾਲ ਨਹਿਰ ਨਿਕਲਦੀ ਹੈ। ਇਸ ਨਹਿਰ ਦਾ ਗੇਟ ਕਿਸੇ ਨੇ ਖੋਲ੍ਹਿਆ ਹੋਇਆ ਸੀ। ਜਿਸ ਤੋਂ ਬਾਅਦ ਪਾਣੀ ਹੈਲੀਪੈਡ ਵੱਲ ਵਧਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਡੀਸੀ ਨੇ ਨਹਿਰੀ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਜਾਣਬੁੱਝ ਕੇ ਕੀਤੀ ਗਈ ਸ਼ਰਾਰਤ ਸੀ ਜਾਂ ਹਾਦਸਾ ਜਾਂ ਕੋਈ ਲਾਪਰਵਾਹੀ।
ਹਾਲਾਂਕਿ ਇਸ ‘ਤੇ ਸਿਆਸਤ ਵੀ ਸ਼ੁਰੂ ਹੋ ਗਈ। ਭਾਜਪਾ ਨੇ ਜਾਣਬੁੱਝ ਕੇ ਨਹਿਰੀ ਪਾਣੀ ਛੱਡਣ ਦਾ ਦੋਸ਼ ਲਾਇਆ ਹੈ। ਪੰਜਾਬ ਭਾਜਪਾ ਆਗੂ ਤੀਕਸ਼ਣ ਸੂਦ ਨੇ ਦੋਸ਼ ਲਾਇਆ ਕਿ ਪੀਐਮ ਮੋਦੀ ਦੀ ਰੈਲੀ ਵਿੱਚ ਵਿਘਨ ਪਾਉਣ ਲਈ ਜਾਣਬੁੱਝ ਕੇ ਕੰਢੀ ਨਹਿਰ ਦਾ ਪਾਣੀ ਛੱਡਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਘਟਨਾ ਰੈਲੀ ਵਿੱਚ ਵਿਘਨ ਪਾਉਣ ਦੀ ਸੋਚੀ ਸਮਝੀ ਸਾਜ਼ਿਸ਼ ਹੈ।
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਇੱਥੇ 13 ਵਿੱਚੋਂ 8 ਸੀਟਾਂ ਜਿੱਤੀਆਂ ਸਨ। ਭਾਜਪਾ ਅਤੇ ਅਕਾਲੀ ਦਲ ਨੇ 2-2 ਸੀਟਾਂ ਜਿੱਤੀਆਂ ਸਨ। ਜਦਕਿ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਸੀ।