ਫਤਿਹਗੜ੍ਹ ਸਾਹਿਬ, 2 ਜੂਨ 2024 – ਫਤਿਹਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਅੱਜ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।
ਦੱਸ ਦਈਏ ਕਿ ਰੇਲ ਹਾਦਸੇ ਵਿੱਚ 51 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਜਾਣਕਾਰੀ ਰੇਲਵੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੋਲੇ ਨਾਲ ਲੱਦੀ ਰੇਲਗੱਡੀ ਸਮਰਪਿਤ ਫਰੇਟ ਕੋਰੀਡੋਰ ਦੇ ਨਿਊ ਸਰਹਿੰਦ ਸਟੇਸ਼ਨ ‘ਤੇ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਇਸੇ ਟ੍ਰੈਕ ‘ਤੇ ਇਕ ਹੋਰ ਕੋਲੇ ਨਾਲ ਭਰੀ ਰੇਲ ਗੱਡੀ ਪਿੱਛੇ ਤੋਂ ਆਈ ਅਤੇ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਇਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ।
ਇਸ ਦੌਰਾਨ ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ ਸਮਰ ਐਕਸਪ੍ਰੈਸ (04681) ਅੰਬਾਲਾ ਤੋਂ ਲੁਧਿਆਣਾ ਵੱਲ ਜਾਣ ਲਈ ਰਵਾਨਾ ਹੋਈ। ਜਦੋਂ ਇਹ ਟਰੇਨ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਧੀਮੀ ਸੀ। ਇਸ ਦੌਰਾਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ਵਿੱਚ ਲੱਗੇ ਹੋਏ ਹਨ।