ਰਾਣਾ ਸੋਢੀ ਦੇ ਯਤਨਾਂ ਨਾਲ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਨੂੰ ਮਿਲੀ ਦੋ ਲੱਖ ਦੀ ਇਨਾਮੀ ਰਾਸ਼ੀ

ਚੰਡੀਗੜ੍ਹ, 31 ਦਸੰਬਰ 2020 – ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲੰਧਰ ਦੇ ਨੇਤਰਹੀਣ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਸਿੰਘ ਦੀ ਛੇ ਸਾਲ ਤੋਂ ਰੁਕੀ ਪਈ ਨਕਦ ਇਨਾਮੀ ਰਾਸ਼ੀ ਜਾਰੀ ਕਰਵਾ ਦਿੱਤੀ ਹੈ।

ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਇਸ ਖਿਡਾਰੀ ਨੇ 2014 ਵਿੱਚ ਦੱਖਣੀ ਅਫਰੀਕਾ ਦੇ ਕੇਪਟਾਊਨ ਵਿੱਚ ਖੇਡੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ ਅਤੇ ਇਕ ਕੌਮਾਂਤਰੀ ਖਿਡਾਰੀ ਵਜੋਂ ਸਰਕਾਰ ਵੱਲੋਂ ਜੋ ਉਸ ਨੂੰ ਇਨਾਮੀ ਰਾਸ਼ੀ ਦਿੱਤੀ ਜਾਣੀ ਸੀ, ਉਹ ਰੁਕੀ ਹੋਈ ਸੀ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਸ ਖਿਡਾਰੀ ਨੂੰ ਇਨਾਮੀ ਰਾਸ਼ੀ ਦੇ ਦੋ ਲੱਖ ਰੁਪਏ ਜਾਰੀ ਕਰਵਾਏ, ਜੋ ਉਸ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ। ਰਾਣਾ ਸੋਢੀ ਨੇ ਦੱਸਿਆ ਕਿ ਇਸ ਖਿਡਾਰੀ ਨੇ ਨਾ ਸਿਰਫ਼ 2014 ਦਾ ਵਿਸ਼ਵ ਕੱਪ ਖੇਡਿਆ, ਸਗੋਂ ਉਹ ਭਾਰਤੀ ਟੀਮ ਨਾਲ 2015 ਵਿੱਚ ਇੰਗਲੈਂਡ ਦੌਰੇ ਉਤੇ ਵੀ ਗਿਆ, ਜਿੱਥੇ ਉਸ ਨੇ ਤਿੰਨ ਟੀ-20 ਅਤੇ ਤਿੰਨ ਇਕ ਰੋਜ਼ਾ ਕ੍ਰਿਕਟ ਮੁਕਾਬਲਿਆਂ ਵਿੱਚ ਭਾਗ ਲਿਆ। ਉਹ ਪੰਜਾਬ ਟੀਮ ਦਾ ਕਪਤਾਨ ਵੀ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਖੇਡਾਂ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਰਾਜ ਦੇ ਕਿਸੇ ਵੀ ਖਿਡਾਰੀ ਨੂੰ ਜੇ ਅੱਗੇ ਦੀਆਂ ਤਿਆਰੀਆਂ ਵਾਸਤੇ ਕਿਸੇ ਮਾਲੀ ਮਦਦ ਜਾਂ ਸਾਮਾਨ ਦੀ ਲੋੜ ਹੈ ਤਾਂ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਅਜਿਹੇ ਖਿਡਾਰੀਆਂ ਦੀਆਂ ਸੂਚੀਆਂ ਤਿਆਰ ਕਰ ਰਿਹਾ ਹੈ, ਜੋ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਕੌਮਾਂਤਰੀ ਪੱਧਰ ਉਤੇ ਦੇਸ਼ ਦਾ ਨਾਮ ਚਮਕਾ ਸਕਦੇ ਹਨ। ਪੰਜਾਬ ਦੇ ਖਿਡਾਰੀਆਂ ਦੀਆਂ ਉਲੰਪਿਕ ਤਿਆਰੀਆਂ ਦੀ ਗੱਲ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਤਿਆਰੀਆਂ ਸਹੀ ਦਿਸ਼ਾ ਵਿੱਚ ਚੱਲ ਰਹੀਆਂ ਹਨ ਅਤੇ ਪੰਜਾਬ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਕੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ ਜੰਗਲਾਤ ਅਧੀਨ ਖੇਤਰ ’ਚ 11.63 ਵਰਗ ਕਿ.ਮੀ. ਵਾਧਾ ਹੋਇਆ

ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਪੰਜਾਬ ਵਾਸੀਆਂ ਨੂੰ ਸਮਰਪਿਤ